ਆਪ ਸਰਕਾਰ ਪੰਜਾਬ ਦੀ ਧਰਤੀ ਅਤੇ ਪਾਣੀ ਬਚਾਉਣ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

Jiya Nagpal
3 Min Read

ਦਿੜ੍ਹਬਾ, 12 ਜੁਲਾਈ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਹਲਕਾ ਨਿਵਾਸੀਆਂ ਨੂੰ ਇੱਕ ਵੱਡੀ ਸੌਗਾਤ ਦਿੰਦਿਆਂ ਸੂਲਰ ਵਿਖੇ ਸਥਿਤ ਇਤਿਹਾਸਕ ਘਰਾਟਾਂ ਦੇ ਨਵੀਨੀਕਰਨ ਅਤੇ ਇੱਕ ਸ਼ਾਨਦਾਰ ਪਾਰਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਸ ਪ੍ਰੋਜੈਕਟ ‘ਤੇ ਕੁੱਲ 60 ਲੱਖ ਰੁਪਏ ਦੀ ਲਾਗਤ ਆਈ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਲਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਲੰਬੇ ਸਮੇਂ ਤੋਂ ਇਨ੍ਹਾਂ ਘਰਾਟਾਂ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਸ਼ਾਇਦ ਪੂਰੇ ਪੰਜਾਬ ਵਿੱਚ ਸੂਲਰ ਦੇ ਇਹ ਘਰਾਟ ਹੀ ਇਕੱਲੇ ਅਜਿਹੇ ਇਤਿਹਾਸਕ ਘਰਾਟ ਬਚੇ ਹਨ, ਜਿਨ੍ਹਾਂ ਨੂੰ ਸਾਂਭਣ ਦੀ ਸਖ਼ਤ ਲੋੜ ਸੀ।

ਵਿੱਤ ਮੰਤਰੀ ਨੇ ਦੱਸਿਆ ਕਿ ਇਸ 60 ਲੱਖ ਰੁਪਏ ਦੇ ਬਜਟ ਨਾਲ ਨਾ ਸਿਰਫ਼ ਘਰਾਟਾਂ ਅਤੇ ਚੱਕੀਆਂ ਦੀ ਮੁਰੰਮਤ ਕਰਕੇ ਉਨ੍ਹਾਂ ਦੀ ਕਾਇਆ ਕਲਪ ਕੀਤੀ ਗਈ ਹੈ, ਬਲਕਿ ਆਸ-ਪਾਸ ਦੇ ਇਲਾਕੇ ਨੂੰ ਇੱਕ ਸੁੰਦਰ ਰੂਪ ਦਿੱਤਾ ਗਿਆ ਹੈ। ਬੱਚਿਆਂ ਅਤੇ ਸਥਾਨਕ ਲੋਕਾਂ ਲਈ ਇੱਕ ਆਧੁਨਿਕ ਅਤੇ ਸ਼ਾਨਦਾਰ ਪਾਰਕ ਤਿਆਰ ਕੀਤਾ ਗਿਆ ਹੈ।
ਨਹਿਰੀ ਵਿਭਾਗ ਦੇ ਕਰਮਚਾਰੀਆਂ ਦੇ ਬੈਠਣ ਅਤੇ ਕੰਮ ਕਰਨ ਲਈ ਨਵੇਂ ਕਮਰੇ ਤਿਆਰ ਕੀਤੇ ਗਏ ਹਨ।

ਸੂਏ ਨੂੰ ਕੰਕਰੀਟ ਦਾ ਬਣਾ ਕੇ ਇਸ ਦੀ ਲਾਈਨਿੰਗ ਕੀਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਸੂਆ ਟੁੱਟਣ ਦੀ ਸਮੱਸਿਆ ਨਾ ਆਵੇ ਅਤੇ ਪਾਣੀ ਦਾ ਪ੍ਰਬੰਧ ਸੁਚਾਰੂ ਰਹੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਥਾਨਕ ਸਰਪੰਚ ਸਾਹਿਬਾਨ ਅਤੇ ਗ੍ਰਾਮ ਪੰਚਾਇਤ ਨੂੰ ਸੌਂਪ ਦਿੱਤੀ ਗਈ ਹੈ, ਜੋ ਨਹਿਰੀ ਵਿਭਾਗ ਦੇ ਸਹਿਯੋਗ ਨਾਲ ਇਸ ਦੀ ਦੇਖਭਾਲ ਕਰਨਗੇ।

ਨਹਿਰੀ ਪਾਣੀ ਦੀ ਸਪਲਾਈ ਬਾਰੇ ਬੋਲਦਿਆਂ ਸ. ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਜ ਨੂੰ ਜਿੰਨਾ ਨਹਿਰੀ ਪਾਣੀ ਅਲਾਟ ਹੈ, ਉਸ ਤੋਂ 10 ਫੀਸਦੀ ਵੱਧ ਪਾਣੀ ਪੰਜਾਬ ਦੇ ਖੇਤਾਂ ਅਤੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਅੱਜ ਪਿੰਡਾਂ ਵਿੱਚੋਂ ਕਿਸਾਨਾਂ ਦੀਆਂ ਖੁਸ਼ੀ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਨਹਿਰੀ ਪਾਣੀ ਦੀ ਭਰਪੂਰ ਵਰਤੋਂ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚੇਗਾ। ਉਨ੍ਹਾਂ ਨੇ ਇਸ ਇਤਿਹਾਸਕ ਕਦਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜੋ ਪੰਜਾਬ ਦੀ ਧਰਤੀ ਅਤੇ ਪਾਣੀ ਨੂੰ ਬਚਾਉਣ ਲਈ ਨਿਰੰਤਰ ਯਤਨਸ਼ੀਲ ਹਨ।

ਇਸ ਮੌਕੇ ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਓਐਸਡੀ ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਸੂਲਰ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਟਰੇਡ ਵਿੰਗ ਦੇ ਹਲਕਾ ਇੰਚਾਰਜ ਅਜੈ ਬਾਂਸਲ ਪਿੰਡ ਦੇ ਸਰਪੰਚ, ਪਤਵੰਤੇ ਅਤੇ ਵੱਡੀ ਗਿਣਤੀ ਸੂਲਰ ਵਾਸੀ ਹਾਜ਼ਰ ਸਨ।

Share This Article
Leave a comment

Leave a Reply

Your email address will not be published. Required fields are marked *