ਪੰਜਾਬ ਸਰਕਾਰ ਦੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਰਾਹੀਂ ਫੈਲ ਰਿਹਾ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼

Jiya Nagpal
3 Min Read

ਲੁਧਿਆਣਾ, 14 ਜੁਲਾਈ:

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ, ਫਲਸਫ਼ੇ ਅਤੇ ਮਹਾਨ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਬੀਤੀ ਸ਼ਾਮ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਗਹਿਲੇਵਾਲ ਅਤੇ ਪਿੰਡ ਮੁਸਕਾਬਾਦ, ਜਦਕਿ ਬਲਾਕ ਰਾਏਕੋਟ ਦੇ ਪਿੰਡ ਨੱਥੋਵਾਲ ਖੁਰਦ ਅਤੇ ਪਿੰਡ ਚੱਕ ਭਾਈਕਾ ਵਿਖੇ ਐਲ.ਈ.ਡੀ. ਪ੍ਰਚਾਰ ਵੈਨ ਰਾਹੀਂ ਡਾਕੂਮੈਂਟਰੀ ਸ਼ੋਅ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਕੇ ਡਾਕੂਮੈਂਟਰੀ ਨੂੰ ਬਹੁਤ ਧਿਆਨ ਨਾਲ ਦੇਖਿਆ।

ਡਾਕੂਮੈਂਟਰੀ ਸ਼ੋਅ ਦੌਰਾਨ ਪਿੰਡ ਗਹਿਲੇਵਾਲ ਦੀ ਸਰਪੰਚ ਪਰਵੀਨ ਕੌਰ, ਪਿੰਡ ਮੁਸਕਾਬਾਦ ਦੀ ਸਰਪੰਚ ਸਰਬਜੀਤ ਕੌਰ, ਪਿੰਡ ਨੱਥੋਵਾਲ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪਿੰਡ ਚੱਕ ਭਾਈਕਾ ਦੇ ਸਰਪੰਚ ਗੁਰਪ੍ਰੀਤ ਸਿੰਘ ਸਮੇਤ ਪੰਚਾਇਤ ਮੈਂਬਰ, ਸਮਾਜ ਸੇਵੀ, ਨੌਜਵਾਨ, ਮਹਿਲਾਵਾਂ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਡਾਕੂਮੈਂਟਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਸੰਘਰਸ਼, ਸਮਾਜਿਕ ਸੁਧਾਰਾਂ, ਬਰਾਬਰੀ, ਸੱਚ, ਕਿਰਤ, ਭਾਈਚਾਰੇ, ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਡਾਕੂਮੈਂਟਰੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਮਹਾਨ ਸੰਤਾਂ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੋੜਨ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਮਾਨਤਾ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਅੱਜ ਵੀ ਸਮਾਜ ਲਈ ਬੇਹੱਦ ਪ੍ਰਸੰਗਿਕ ਹੈ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਹੋਰ ਪਿੰਡਾਂ ਤੱਕ ਵੀ ਪਹੁੰਚੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਉੱਚੇ ਆਦਰਸ਼ਾਂ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਸਕਣ ਅਤੇ ਸਮਾਜ ਵਿੱਚ ਸਮਾਨਤਾ, ਸਦਭਾਵਨਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਡੱਬੀ ਲਈ ਪ੍ਰਸਤਾਵਿਤ

ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਟੋਡਰਪੁਰ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਬਰਮਾ ਵਿਖੇ ਸ਼ਾਮ 7:00 ਅਤੇ ਬਲਾਕ ਰਾਏਕੋਟ ਦੇ ਪਿੰਡ ਬੋਪਾਰਾਏ ਖੁਰਦ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਧੂਰਕੋਟ ਵਿਖੇ ਸ਼ਾਮ 7:00 ਵਜੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

Share This Article
Leave a comment

Leave a Reply

Your email address will not be published. Required fields are marked *