ਨਾਬਾਰਡ ਤੇ ਪੀਐੱਸਆਰਐੱਲਐੱਮ ਦੇ ਸਾਂਝੇ ਉਪਰਾਲੇ ਨਾਲ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਬਣੀਆਂ ਉਦਮੀ

Jiya Nagpal
2 Min Read
ਬਰਨਾਲਾ, 15 ਜੁਲਾਈ-     ਪੇਂਡੂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਵੱਲ ਕਦਮ ਚੁੱਕਦਿਆਂ ਨਾਬਾਰਡ ਦੇ ਜਨਰਲ ਮੈਨੇਜਰ ਸ੍ਰੀਮਤੀ ਅੰਬਿਕਾ ਜੋਤੀ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਅਤੇ ਠੀਕਰੀਵਾਲ ਵਿੱਚ ਲਾਈਵਲੀਹੁੱਡਜ਼ ਐਂਡ ਐਂਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ (LEDP) ਤਹਿਤ ਬਣਾਈਆਂ ਬੇਕਰੀ ਉਤਪਾਦਾਂ ਵਾਲੀਆਂ ਦੋ ਦੁਕਾਨਾਂ ਦਾ ਉਦਘਾਟਨ ਕੀਤਾ।
   ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਨਾਬਾਰਡ ਅਤੇ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀਐੱਸਆਰਐੱਲਐੱਮ), ਬਰਨਾਲਾ ਦੇ ਸਾਂਝੇ ਉਪਰਾਲੇ ਨਾਲ ਚਲਾਇਆ ਜਾ ਰਿਹਾ ਹੈ।
  ਇਸ ਪ੍ਰੋਗਰਾਮ ਤਹਿਤ ਬਡਬਰ, ਠੀਕਰੀਵਾਲ ਤੇ ਸੇਖਾ ਪਿੰਡਾਂ ਦੀਆਂ 90 ਸਵੈ-ਸਹਾਇਤਾ ਸਮੂਹਾਂ (SHGs) ਦੀਆਂ ਮਹਿਲਾਵਾਂ ਨੂੰ ਬੇਕਰੀ ਉਤਪਾਦ ਤਿਆਰ ਕਰਨ ਅਤੇ ਉਦਮ ਸਥਾਪਿਤ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਸਿਖਲਾਈ ਦੌਰਾਨ ਮਹਿਲਾਵਾਂ ਨੇ ਪੀਜ਼ਾ ਬ੍ਰੈੱਡ, ਕੂਕੀਜ਼, ਕੇਕ, ਮਿਠਾਈਆਂ ਅਤੇ ਹੋਰ ਬੇਕਰੀ ਉਤਪਾਦ ਬਣਾਉਣ ਦੀਆਂ ਆਧੁਨਿਕ ਤਕਨੀਕਾਂ ਸਿੱਖੀਆਂ।
 ਸਿਖਲਾਈ ਤੋਂ ਬਾਅਦ ਮਹਿਲਾਵਾਂ ਨੇ ਆਪਣੇ ਉਤਪਾਦਾਂ ਦੀ ਵਿਕਰੀ ਆਪਣੇ ਪਿੰਡਾਂ, ਸਥਾਨਕ ਮੇਲਿਆਂ ਅਤੇ ਖੇਤਰੀ ਸਰਸ ਮੇਲਿਆਂ ਵਿੱਚ ਸ਼ੁਰੂ ਕੀਤੀ। ਦੀਵਾਲੀ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਉਨ੍ਹਾਂ ਨੂੰ ਵਧੀਆ ਆਮਦਨ ਹੋਈ। ਆਪਣੀ ਮਿਹਨਤ ਅਤੇ ਕਮਾਈ ਦੇ ਬਲ ‘ਤੇ ਹੁਣ ਉਨ੍ਹਾਂ ਨੇ ਬਡਬਰ ਅਤੇ ਠੀਕਰੀਵਾਲ ਵਿੱਚ ਆਪਣੀਆਂ ਬੇਕਰੀ ਦੁਕਾਨਾਂ ਬਣਾ ਲਈਆਂ ਹਨ।
ਇਸ ਮੌਕੇ ਸ੍ਰੀਮਤੀ ਅੰਬਿਕਾ ਜੋਤੀ ਨੇ ਮਹਿਲਾ ਉਦਮੀਆਂ ਦੀ ਸ਼ਲਾਘਾ ਕਰਦਿਆਂ ਉਤਪਾਦਾਂ ਦੀ ਬ੍ਰਾਂਡਿੰਗ, ਆਕਰਸ਼ਕ ਪੈਕਿੰਗ ਅਤੇ ਮਜ਼ਬੂਤ ਵੈਲਿਊ ਚੇਨ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਦੇ ਉਤਪਾਦਾਂ ਨੂੰ ਵੱਡੇ ਬਾਜ਼ਾਰਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਆਮਦਨ ਵਿੱਚ ਹੋਰ ਵਾਧਾ ਹੋ ਸਕੇ।
 ਇਸ ਮੌਕੇ ਲੀਡ ਡਿਸਟ੍ਰਿਕਟ ਮੈਨੇਜਰ ਸ੍ਰੀ ਗੁਰਪਰਮਿੰਦਰ ਸਿੰਘ, ਡਿਸਟ੍ਰਿਕਟ ਡਿਵੈਲਪਮੈਂਟ ਮੈਨੇਜਰ (ਨਾਬਾਰਡ) ਸ੍ਰੀ ਗੁਰਪ੍ਰੀਤ ਸਿੰਘ, ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ (ਪੀਐੱਸਆਰਐੱਲਐੱਮ) ਰਮਨੀਕ ਸ਼ਰਮਾ ਅਤੇ ਨਾਬਾਰਡ ਤੇ ਪੀਐੱਸਆਰਐੱਲਐੱਮ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Share This Article
Leave a comment

Leave a Reply

Your email address will not be published. Required fields are marked *