ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਆਵਲ ਵਧਾਉਣ ਲਈ ਮਾਲੇਰਕੋਟਲਾ ਵਿੱਚ ਵਿਸ਼ੇਸ਼ ਰੁੱਖ ਲਗਾਓ ਮੁਹਿੰਮ

Jiya Nagpal
2 Min Read
ਮਾਲੇਰਕੋਟਲਾ, 17 ਜੁਲਾਈ-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵਾਤਾਵਰਣ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਦੀ ਸੰਭਾਲ ਲਈ ਸਾਂਝੇ ਉਪਰਾਲੇ ਕੀਤੇ ਜਾਣ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਣੇ ਨਿਰਧਾਰਤ ਟੀਚਿਆਂ ਅਨੁਸਾਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ, ਸਿਹਤ ਸੰਸਥਾਵਾਂ, ਪੰਚਾਇਤੀ ਜ਼ਮੀਨਾਂ, ਸੜਕਾਂ ਦੇ ਕਿਨਾਰਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਰੁੱਖ ਲਗਾਏ ਜਾਣਗੇ। ਉਨਾਂ ਕਿਹਾ ਕਿ ਇਸ ਮੁਹਿੰਮ ਵਿੱਚ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਨੌਜਵਾਨ ਕਲੱਬਾਂ ਅਤੇ ਆਮ ਲੋਕਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾਵੇ।
ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਹਰ ਵਿਅਕਤੀ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰੇ ਤਾਂ ਇਹ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਸ੍ਰੀ ਗੁਰੂ ਰਵਿਦਾਸ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮੀਟਿੰਗ ਦੌਰਾਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਲਈ ਲੋੜੀਂਦੇ ਬੂਟਿਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ ਅਤੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਨੂੰ ਜਨ-ਅੰਦੋਲਨ ਦਾ ਰੂਪ ਦੇਣ ਲਈ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲਾ ਜੰਗਲਾਤ ਅਫਸਰ ਕੌਸ਼ਲ ਕਿਸ਼ੋਰ, ਕਾਰਜ ਸਾਧਕ ਅਫਸਰ ਮਾਲੇਰਕੋਟਲਾ ਚੰਦਰ ਪ੍ਰਕਾਸ਼ ਵਧਵਾ, ਬੀ.ਡੀ.ਪੀ.ਓ ਜਸਮਿੰਦਰ ਸਿੰਘ, ਬੀ.ਡੀ.ਪੀ.ਓ ਬਬਲਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Share This Article
Leave a comment

Leave a Reply

Your email address will not be published. Required fields are marked *