ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ ‘ਤੇ ਜ਼ੋਰ

Jiya Nagpal
3 Min Read
ਚੰਡੀਗੜ੍ਹ, 21 ਜੁਲਾਈ:ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਮੰਤਰੀ ਸਮੂਹ (ਜੀਓਐਮ) ਨੇ ਅੱਜ ਸੈਕਟਰ – 39 ਦੇ ਅਨਾਜ ਭਵਨ ਵਿਖੇ ਆਗਾਮੀ ਸਾਉਣੀ ਸੀਜ਼ਨ 2026-27 ਅਤੇ ਹਾੜ੍ਹੀ ਸੀਜ਼ਨ 2027-28  ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਅਹਿਮ ਮੀਟਿੰਗ ਕੀਤੀ। ਮੰਤਰੀ ਸਮੂਹ ਨੇ ਅਨਾਜ ਦੀ ਚੁਕਾਈ ਦੇ ਅਹਿਮ ਮੁੱਦੇ ‘ਤੇ ਵਿਸਥਾਰਿਤ ਚਰਚਾ ਕੀਤੀ, ਜੋ ਕਿ ਆਗਾਮੀ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਭੰਡਾਰਨ ਲਈ ਜਗ੍ਹਾ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਮੰਤਰੀਆਂ ਨੂੰ ਦੱਸਿਆ ਗਿਆ ਕਿ ਇਸ ਸਾਲ  ਜਨਵਰੀ ਤੋਂ ਜੁਲਾਈ ਤੱਕ ਸੂਬੇ ਤੋਂ 75.67 ਲੱਖ ਮੀਟ੍ਰਿਕ ਟਨ (ਐਲਐਮਟੀ) ਅਨਾਜ ਦੀ ਚੁਕਾਈ ਹੋਈ ਹੈ, ਜਿਸ ਵਿੱਚ 37.13 ਲੱਖ ਮੀਟ੍ਰਿਕ ਟਨ ਕਣਕ ਅਤੇ 38.54 ਲੱਖ ਮੀਟ੍ਰਿਕ ਟਨ ਝੋਨਾ ਸ਼ਾਮਿਲ ਹਨ। ਮੰਤਰੀ ਸਮੂਹ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਸੂਬੇ ਕੋਲ ਕੁੱਲ 181 ਲੱਖ ਮੀਟ੍ਰਿਕ ਟਨ ਕਵਰਡ ਸਟੋਰੇਜ ਸਮਰੱਥਾ ਉਪਲਬਧ ਹੈ, ਜਦਕਿ ਖੁੱਲ੍ਹੀ ਭੰਡਾਰਨ ਸਮਰੱਥਾ 68 ਲੱਖ ਮੀਟ੍ਰਿਕ ਟਨ ਹੈ। ਜੀ.ਓ.ਐੱਮ. ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਅਨਾਜ ਦੀ ਤੇਜ਼ੀ ਨਾਲ ਚੁਕਾਈ ਦਾ ਮੁੱਦਾ ਕੇਂਦਰ ਸਰਕਾਰ ਕੋਲ ਲਗਾਤਾਰ ਉਠਾਇਆ ਜਾ ਰਿਹਾ ਹੈ। ਪੰਜਾਬ ਵੱਲੋਂ ਹਰ ਮਹੀਨੇ ਘੱਟੋ-ਘੱਟ 12 ਲੱਖ ਮੀਟ੍ਰਿਕ ਟਨ ਕਣਕ ਅਤੇ ਝੋਨੇ ਦੀ ਚੁਕਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ, ਪਰ ਮੌਜੂਦਾ ਸਮੇਂ ਇਹ ਦਰ ਮਹਿਜ਼ 5 ਲੱਖ ਮੀਟ੍ਰਿਕ ਟਨ ਪ੍ਰਤੀ ਮਹੀਨਾ ਹੀ ਹੈ। ਇਸ ਲਈ ਮੰਤਰੀ ਸਮੂਹ ਨੇ ਕੇਂਦਰੀ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਤੋਂ ਅਨਾਜ ਦੀ ਚੁਕਾਈ ਸਮੇਤ ਵੱਖ-ਵੱਖ ਮੁੱਦਿਆਂ ਨੂੰ ਨਿੱਜੀ ਤੌਰ ‘ਤੇ ਉਠਾਉਣ ਲਈ ਮਿਲਣ ਦਾ ਸਮਾਂ ਮੰਗਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਲਈ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮੰਗਿਆ ਗਿਆ ਹੈ। ਝੋਨੇ ਦੀ ਖ਼ਰੀਦ 2,462 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਸਟਮ ਮਿਲਿੰਗ ਪਾਲਿਸੀ ਦਾ ਖਰੜਾ ਮਨਜ਼ੂਰੀ ਲਈ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਹਾੜ੍ਹੀ ਮਾਰਕੀਟਿੰਗ ਸੀਜ਼ਨ 2027-28 ਸਬੰਧੀ ਕੇਂਦਰ ਸਰਕਾਰ ਵੱਲੋਂ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥੇ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਮਾਰਕਫੈੱਡ ਦੇ ਐੱਮ.ਡੀ. ਵਿਸ਼ੇਸ਼ ਸਾਰੰਗਲ, ਵਧੀਕ ਸਕੱਤਰ ਪਨਗ੍ਰੇਨ ਕਮਲ ਕੁਮਾਰ ਗਰਗ, ਐਮ ਡੀ ਪਨਸਪ ਬੀ. ਸ਼੍ਰੀਨਿਵਾਸਨ, ਜੀ ਐਮ ਐਫਸੀਆਈ ਨਿਕਿਤਾ ਪਵਾਰ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਅਜੈਵੀਰ ਸਿੰਘ ਸਰਾਓ ਵੀ ਹਾਜ਼ਿਰ ਸਨ।
Share This Article
Leave a comment

Leave a Reply

Your email address will not be published. Required fields are marked *