ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਉਣ ਵਾਲਿਆਂ ਵਿੱਚ 75% ਲਾਭਪਾਤਰੀ 18–45 ਉਮਰ ਵਰਗ ਨਾਲ ਸਬੰਧਤ , ਕੰਮਕਾਜੀ ਆਬਾਦੀ ਲਈ ਸਮੇਂ ਸਿਰ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ

Jiya Nagpal
6 Min Read
ਚੰਡੀਗੜ੍ਹ; 17 ਅਗਸਤ :ਗੰਭੀਰ ਸਿਹਤ ਸਮੱਸਿਆ ਸਿਰਫ਼ ਵਿਅਕਤੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਸਗੋਂ ਪੂਰੇ ਪਰਿਵਾਰ ’ਤੇ ਭਾਰੀ ਭਾਵਨਾਤਮਕ ਅਤੇ ਵਿੱਤੀ ਬੋਝ ਵੀ ਪਾ ਸਕਦੀ ਹੈ। ਜਦੋਂ ਬੀਮਾਰੀ ਮਾਨਸਿਕ ਸਿਹਤ ਨਾਲ ਸਬੰਧਤ ਹੋਵੇ ਤਾਂ ਸਮਾਜਿਕ ਦਬਾਅ , ਜਾਗਰੂਕਤਾ ਦੀ ਘਾਟ ਅਤੇ ਇਲਾਜ ਦੀ ਲਾਗਤ ਸਬੰਧੀ ਚਿੰਤਾਵਾਂ ਵਾਧੂ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ, ਜਿਸ ਕਾਰਨ ਅਕਸਰ ਪੇਸ਼ੇਵਰ ਮਦਦ ਲੈਣ ਵਿੱਚ ਦੇਰੀ ਹੋ ਜਾਂਦੀ ਹੈ। ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ (ਐੱਮਐੱਮਐੱਸਵਾਈ) ਮਾਨਸਿਕ ਸਿਹਤ ਨਾਲ ਸਬੰਧਤ ਕਵਰ ਕੀਤੇ ਇਲਾਜ ਨੂੰ ਵਿੱਤੀ ਤੌਰ ’ਤੇ ਪਹੁੰਚਯੋਗ ਬਣਾ ਕੇ ਇਸ ਚੁਣੌਤੀ ਦੇ ਮਹੱਤਵਪੂਰਨ  ਢੰਗ ਨਾਲ ਨਜਿੱਠਣ ਵਿੱਚ ਮਦਦ ਕਰ ਰਹੀ ਹੈ। ਪੰਜਾਬ ਰਾਜ ਸਿਹਤ ਏਜੰਸੀ (ਐੱਸਐੱਚਏ) ਦੇ 11 ਅਗਸਤ 2026 ਤੱਕ ਦੇ ਅੰਕੜਿਆਂ ਅਨੁਸਾਰ, ਪਿਛਲੇ ਸੱਤ ਮਹੀਨਿਆਂ  ਦੌਰਾਨ 709 ਲਾਭਪਾਤਰੀਆਂ ਨੇ ਯੋਜਨਾ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਇਆ, ਜਿਸ ’ਤੇ 83.36 ਲੱਖ ਰੁਪਏ ਦਾ ਖ਼ਰਚ ਆਇਆ। ਉਮਰ ਵਰਗ ਦੇ ਅੰਕੜੇ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਜਾਣਕਾਰੀ ਸਾਹਮਣੇ ਲਿਆਉਂਦੇ ਹਨ। ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕੈਸ਼ਲੈੱਸ ਇਲਾਜ ਪ੍ਰਾਪਤ ਕਰਨ ਵਾਲੇ 284 ਲਾਭਪਾਤਰੀ 31–45 ਉਮਰ ਵਰਗ ਦੇ ਸਨ, ਜਦਕਿ 249 ਲਾਭਪਾਤਰੀ 18–30 ਉਮਰ ਵਰਗ ਨਾਲ ਸਬੰਧਤ ਸਨ। ਇਨ੍ਹਾਂ ਦੋਵਾਂ ਉਮਰ ਵਰਗਾਂ ਨੂੰ ਮਿਲਾ ਕੇ ਕੁੱਲ 533 ਲਾਭਪਾਤਰੀ ਬਣਦੇ ਹਨ, ਜੋ ਕੁੱਲ ਲਾਭਪਾਤਰੀਆਂ ਦਾ 75.2 ਫੀਸਦੀ ਹਨ। ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮਾਨਸਿਕ ਸਿਹਤ ਸੇਵਾਵਾਂ ਅਜਿਹੀ ਸਹੂਲਤ ਨਹੀਂ ਬਣਨੀਆਂ ਚਾਹੀਦੀਆਂ, ਜਿਸ ਲਈ ਪਰਿਵਾਰ ਸਿਰਫ਼ ਉਦੋਂ ਹੀ ਪਹੁੰਚ ਕਰੇ ਜਦੋਂ ਉਹ ਖ਼ਰਚਾ ਚੁੱਕਣ ਦੇ ਸਮਰੱਥ ਹੋਵੇ। ਜੇਕਰ ਕਿਸੇ ਵਿਅਕਤੀ ਨੂੰ ਪੇਸ਼ੇਵਰ ਮਦਦ ਦੀ ਲੋੜ ਹੈ ਤਾਂ ਉਸ ਵਿਅਕਤੀ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਮੁਹੱਈਆ ਕਰਵਾਉਣਾ ਹੀ ਸਾਡੀ ਤਰਜੀਹ ਹੋਣੀ ਚਾਹੀਦੀ ਹੈ।” ਰਾਜ ਸਿਹਤ ਏਜੰਸੀ (ਐੱਸਐੱਚਏ) ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਨਿਊਰੋਟਿਕ ਅਤੇ ਤਣਾਅ ਨਾਲ ਸਬੰਧਤ ਵਿਗਾੜਾਂ, ਮੂਡ ਅਤੇ ਭਾਵਨਾਤਮਕ ਵਿਗਾੜਾਂ, ਮਾਨਸਿਕ ਅਤੇ ਸਰੀਰਕ ਕਾਰਕਾਂ ਨਾਲ ਸਬੰਧਤ ਵਿਹਾਰਕ ਸਿੰਡਰੋਮ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਨ ਹੋਣ ਵਾਲੇ ਮਾਨਸਿਕ ਅਤੇ ਵਿਹਾਰਕ ਵਿਗਾੜਾਂ ਸਮੇਤ ਵੱਖ-ਵੱਖ ਮਾਨਸਿਕ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਜ ਦਾ ਇਹ ਢੰਗ ਆਮ ਮਾਨਸਿਕ ਸਿਹਤ ਸਮੱਸਿਆਵਾਂ ਦੇ ਨਾਲ-ਨਾਲ ਨਸ਼ਾਖੋਰੀ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਦੀ ਲੋੜ ਨੂੰ ਵੀ ਉਜਾਗਰ ਕਰਦਾ ਹੈ। ਸਿਵਲ ਹਸਪਤਾਲ ਬਰਨਾਲਾ ਦੀ ਕਨਸਲਟੈਂਟ ਮਨੋਚਿਕਿਤਸਕ ਡਾ. ਗਗਨਦੀਪ ਸੇਖੋਂ, ਐੱਮ.ਡੀ. (ਮਨੋਚਿਕਿਤਸਾ), ਨੇ ਕਿਹਾ, “ਮਾਨਸਿਕ ਸਿਹਤ ਦੇ ਨਜ਼ਰੀਏ ਤੋਂ 18–45 ਉਮਰ ਵਰਗ ਵਿਸ਼ੇਸ਼ ਤੌਰ ’ਤੇ ਅਹਿਮ ਹੈ ਕਿਉਂਕਿ ਇਹ ਉਹ ਪੜਾਅ ਹੁੰਦਾ ਹੈ ਜਦੋਂ ਲੋਕ ਆਪਣਾ ਕਰੀਅਰ ਬਣਾ ਰਹੇ ਹੁੰਦੇ ਹਨ, ਰਿਸ਼ਤਿਆਂ ਨੂੰ ਸੰਭਾਲ ਰਹੇ ਹੁੰਦੇ ਹਨ, ਪਰਿਵਾਰ ਪਾਲ ਰਹੇ ਹੁੰਦੇ ਹਨ ਅਤੇ ਮਹੱਤਵਪੂਰਨ ਵਿੱਤੀ ਜ਼ਿੰਮੇਵਾਰੀਆਂ ਨਿਭਾ ਰਹੇ ਹੁੰਦੇ ਹਨ।” ਡਾ. ਗਗਨਦੀਪ ਸੇਖੋਂ ਨੇ ਅੱਗੇ ਕਿਹਾ, “ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਦੋਂ ਤੱਕ ਉਹ ਰੋਜ਼ਾਨਾ ਜੀਵਨ  ਨੂੰ ਪ੍ਰਭਾਵਿਤ ਕਰਨਾ ਸ਼ੁਰੂ ਨਹੀਂ ਕਰ ਦਿੰਦੀਆ, ਪਰ ਉਦੋਂ ਤੱਕ ਉਨ੍ਹਾਂ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।” ਐੱਸਐੱਚਏ ਦੇ ਅੰਕੜੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਦਰਮਿਆਨ ਨਜ਼ਦੀਕੀ ਸਬੰਧ ਨੂੰ ਵੀ ਉਜਾਗਰ ਕਰਦੇ ਹਨ, ਜਿਸ ਕਾਰਨ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸੂਬੇ ਦੀ ਵਿਆਪਕ ਮਾਨਸਿਕ ਸਿਹਤ ਪ੍ਰਣਾਲੀ ਲਈ ਵਿਸ਼ੇਸ਼ ਤੌਰ ’ਤੇ ਢੁਕਵੀਂ ਬਣ ਜਾਂਦੀ ਹੈ। ਨਸ਼ਿਆਂ ’ਤੇ ਨਿਰਭਰਤਾ ਦੇ ਮਨੋਵਿਗਿਆਨਕ, ਵਿਹਾਰਕ ਅਤੇ ਸਮਾਜਿਕ ਪ੍ਰਭਾਵ ਹੋ ਸਕਦੇ ਹਨ ਅਤੇ ਇਸ ਲਈ ਲਗਾਤਾਰ ਪੇਸ਼ੇਵਰ ਇਲਾਜ, ਨਸ਼ਾ ਛੁਡਾਊ ਸੇਵਾਵਾਂ ਅਤੇ ਮੁੜ ਵਸੇਬੇ ਦੀ ਲੋੜ ਪੈ ਸਕਦੀ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਅੰਕੜਿਆਂ ਵਿੱਚ ਨਸ਼ੀਲੇ ਪਦਾਰਥਾਂ (ਸਾਈਕੋਐਕਟਿਵ) ਦੀ ਵਰਤੋਂ ਕਾਰਨ ਪੈਣ ਵਾਲੇ ਵਿਗਾੜ ਅਤੇ ਸੁਭਾਅ ਸਬੰਧੀ ਵਿਗਾੜ ਵੀ ਸ਼ਾਮਲ ਹਨ, ਜੋ ਨੌਜਵਾਨਾਂ ਲਈ ਸ਼ੁਰੂਆਤੀ ਜਾਗਰੂਕਤਾ, ਸਮੇਂ ਸਿਰ ਦਖ਼ਲ ਅਤੇ ਪਹੁੰਚਯੋਗ ਇਲਾਜ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਇਸ ਦੇ ਨਾਲ ਹੀ, ਰੋਕਥਾਮ ਅਤੇ ਸਿਹਤਮੰਦ ਜੀਵਨਸ਼ੈਲੀ  ਇਲਾਜ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੋ ਸਕਦੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹਰ ਪਰਿਵਾਰ ਲਈ ਸਿਹਤ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਕਿਫ਼ਾਇਤੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿਸ ਵਿੱਚ ਸਾਡੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਦੇ ਕੈਸ਼ਲੈੱਸ ਸਿਹਤ ਕਵਰ ਅਤੇ ਮਾਨਸਿਕ ਸਿਹਤ ਇਲਾਜ ਨੂੰ ਵੀ ਇਸ ਵਿੱਚ ਸ਼ਾਮਲ ਕੀਤੇ ਜਾਣ ਨਾਲ ਇਹ ਯੋਜਨਾ ਮਾਨਸਿਕ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਲੋਕਾਂ ਦੇ ਸਾਹਮਣੇ ਆਉਣ ਵਾਲੀ ਵਿੱਤੀ ਝਿਜਕ ਨੂੰ ਦੂਰ ਕਰਨ ਵਿੱਚ ਸਹਾਈ ਹੋ ਰਹੀ ਹੈ। ਇਸ ਦੇ ਨਾਲ ਹੀ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰੋਕਥਾਮ, ਨਸ਼ਾ ਛੁਡਾਊ ਸੇਵਾਵਾਂ ਅਤੇ ਮੁੜ ਵਸੇਬੇ ਨੂੰ ਮਜ਼ਬੂਤ ਕਰਦੀ ਹੈ, ਜਦਕਿ ‘ਸੀਐੱਮ ਦੀ ਯੋਗਸ਼ਾਲਾ’ ਪਹੁੰਚਯੋਗ ਸਿਹਤ ਅਤੇ ਤੰਦਰੁਸਤੀ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ।” ‘ਮੁੱਖ ਮੰਤਰੀ ਸਿਹਤ ਯੋਜਨਾ’, ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਸੀਐੱਮ ਦੀ ਯੋਗਸ਼ਾਲਾ’ ਮਿਲ ਕੇ ਪੰਜਾਬ ਦੀ ਮਾਨਸਿਕ ਸਿਹਤ ਪ੍ਰਣਾਲੀ ਦੇ ਪੂਰਕ ਪਹਿਲੂਆਂ ਦੀ ਨੁਮਾਇੰਦਗੀ ਕਰਦੇ ਹਨ, ਜਿਸ ਵਿੱਚ ਰੋਕਥਾਮ ਅਤੇ ਸਿਹਤਮੰਦ ਜੀਵਨਸ਼ੈਲੀ ਤੋਂ ਲੈ ਕੇ ਨਸ਼ਾ ਛੁਡਾਊ ਸੇਵਾਵਾਂ, ਮੁੜ ਵਸੇਬਾ ਅਤੇ ਪੇਸ਼ੇਵਰ ਇਲਾਜ ਸ਼ਾਮਿਲ ਹੈ । ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਉਪਲੱਬਧ ਅੰਕੜਿਆਂ ਵਿੱਚ ਚਾਰ ਵਿੱਚੋਂ ਤਿੰਨ ਤੋਂ ਵੱਧ ਲਾਭਪਾਤਰੀ 18–45 ਉਮਰ ਵਰਗ ਨਾਲ ਸਬੰਧਤ ਹਨ। ਅਜਿਹੇ ਵਿੱਚ ਸਮੇਂ ਸਿਰ ਮਾਨਸਿਕ ਸਿਹਤ ਸੇਵਾਵਾਂ ਨੂੰ ਪਹੁੰਚਯੋਗ ਬਣਾਉਣਾ ਪੰਜਾਬ ਦੀ ਕੰਮਕਾਜੀ ਉਮਰ ਦੀ ਆਬਾਦੀ ਦੀ ਸਿਹਤ, ਕਾਰਜਕੁਸ਼ਲਤਾ ਅਤੇ ਤੰਦਰੁਸਤੀ ਦੀ ਰੱਖਿਆ ਲਈ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ  ਹੈ।
Share This Article
Leave a comment

Leave a Reply

Your email address will not be published. Required fields are marked *