ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਨੂਪਲੀ ਟੱਪਰੀਆਂ ਵਿਖੇ ਲੱਗੇ ਭੰਡਾਰੇ ਵਿੱਚ ਕੀਤੀ ਸ਼ਿਰਕਤ

Jiya Nagpal
3 Min Read

ਨੰਗਲ 22 ਅਗਸਤ: ਭਨੂਪਲੀ ਟੱਪਰੀਆਂ ਵੱਲੋਂ ਸਾਵਣ ਅਸ਼ਟਮੀ ਮੌਕੇ ਕਰਵਾਏ ਜਾ ਰਹੇ ਸਲਾਨਾ ਭੰਡਾਰੇ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬਾਬਾ ਜੀ ਦੇ ਬਚਨ ਸਰਵਣ ਕੀਤੇ। ਕੈਬਨਿਟ ਮੰਤਰੀ ਨੇ ਬਾਬਾ ਅਮੋਲਕਾ ਨੰਦ ਜੀ ਮਹਾਰਾਜ ਤੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੇ ਬਚਨ ਸੰਗਤਾਂ ਨਾਲ ਬੈਠ ਕੇ ਸੁਣੇ ਅਤੇ ਭੰਡਾਰੇ ਦੀ ਸੇਵਾ ਵਿੱਚ ਵੀ ਸ਼ਮੂਲੀਅਤ ਕੀਤੀ। ਰਾਸ਼ਟਰੀ ਸੰਤ ਬਾਬਾ ਬਾਲ ਜੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰਾ, ਸੇਵਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਸ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਥੁਰਾ-ਵਰਿੰਦਾਵਨ, ਖਾਟੂ ਸ਼ਿਆਮ ਸਾਲਾਸਰ, ਰਿਸ਼ੀਕੇਸ਼ ਅਤੇ ਹਰਿਦੁਆਰ ਧਾਰਮਿਕ ਅਸਥਾਨਾਂ ਲਈ ਵੀ ਯਾਤਰਾਵਾਂ ਕਰਵਾਈਆ ਜਾ ਰਹੀਆ ਹਨ । ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਵੱਖ-ਵੱਖ ਧਾਰਮਿਕ ਸਥਾਨਾਂ ਲਈ ਹੋਰ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ, ਤਾਂ ਜੋ ਸ਼ਰਧਾਲੂ ਸੁਖਦ ਅਤੇ ਸੁਵਿਧਾਜਨਕ ਢੰਗ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ।
ਇਸ ਦੌਰਾਨ ਰਾਸ਼ਟਰੀ ਸੰਤ ਬਾਬਾ ਬਾਲ ਮਹਾਰਾਜ ਜੀ ਵੱਲੋਂ ਸੰਗਤਾਂ ਨਾਲ ਸਤਸੰਗ ਕੀਤਾ ਗਿਆ ਅਤੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਾਰਮਿਕ ਸੇਵਾ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਕਰਨਾ ਵੀ ਮਨੁੱਖੀ ਜੀਵਨ ਦਾ ਮਹੱਤਵਪੂਰਨ ਫਰਜ਼ ਹੈ। ਸਤਿਸੰਗ ਦੌਰਾਨ ਸੰਗਤਾਂ ਨੇ ਸ਼ਰਧਾ ਨਾਲ ਬਾਬਾ ਜੀ ਦੇ ਬਚਨ ਸਰਵਣ ਕੀਤੇ। ਸਮਾਗਮ ਦੌਰਾਨ ਆਧਿਆਤਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਭਗਤੀ ਭਾਵਨਾ ਨਾਲ ਹਾਜ਼ਰੀ ਲਗਵਾਈ।
ਕੈਬਨਿਟ ਮੰਤਰੀ ਨੇ ਭਨੂਪਲੀ ਟੱਪਰੀਆਂ ਦੇ ਸੇਵਾਦਾਰਾਂ ਵੱਲੋਂ ਹਰ ਸਾਲ ਕਰਵਾਏ ਜਾਂਦੇ ਭੰਡਾਰੇ ਅਤੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਨੂੰ ਆਪਸੀ ਪਿਆਰ, ਸੇਵਾ ਅਤੇ ਭਾਈਚਾਰੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੰਗਤਾਂ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਦੀਪਕ ਸੋਨੀ ਜਿਲਾ ਚੇਅਰਮੈਨ ਖੱਤਰੀ ਅਰੋੜਾ ਵੈਲਫੇਅਰ ਬੋਰਡ, ਸੁਨੀਲ ਪੁਰੀ, ਨਿਪੁੰਨ ਸੋਨੀ, ਗਵਰਧਨ ਸੋਨੀ, ਸਰਪੰਚ ਨੀਲਮ ਸੋਨੀ ਟੱਪਰੀਆਂ, ਮਨੂ ਪੁਰੀ ਪੰਚ, ਮਹੇਸ਼ ਸੋਨੀ ਪੰਚ , ਦਰਸੀ ਸੋਨੀ ਪੰਚ, ਬੰਟੀ ਬਸੋਬਾਲ,ਰੋਬਿਨ ਉੱਪਲ, ਬਲਵੀਰ ਚੰਦ ਪੰਚ, ਸ਼ੈਂਕੀ ਉੱਪਲ,ਸੌਰਭ ਸੋਨੀ, ਦੇਬੀ ਟੱਪਰੀਆਂ, ਚੰਦ ਰਾਮ ਨੰਗਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

Share This Article
Leave a comment

Leave a Reply

Your email address will not be published. Required fields are marked *