ਜਾਣੋ ਲੋਕਾਂ ਨੂੰ ਕਿਹੋ ਜਿਹਾ ਲੱਗਿਆ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ, ਫਿਲਮ ਜਲਦ ਹੋਏਗੀ ਰਿਲੀਜ਼

Jiya Nagpal
3 Min Read

ਚੰਡੀਗੜ੍ਹ: ਦੇਵ ਖਰੌੜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਸਿਰ ਚੜ੍ਹ ਬੋਲ ਰਿਹਾ ਹੈ। ਪਿੰਡਾਂ ਅਤੇ ਮਿੱਟੀ ਦੀ ਬਹੁਤ ਹੀ ਭਾਵੁਕ ਕਹਾਣੀ ਲੈ ਕੇ ਆ ਰਹੀ ਹੈ ਇਹ ਫਿਲਮ।

ਕੀ ਹੈ ਟ੍ਰੇਲਰ ਦੀ ਕਹਾਣੀ

ਆਰ. ਮਲਕਾਣਾ ਦੁਆਰਾ ਨਿਰਦੇਸ਼ਿਤ ਅਤੇ ‘ਧਰਮਾ ਪ੍ਰੋਡਕਸ਼ਨਜ਼’ ਵਲੋਂ ਪੇਸ਼ ਕੀਤੀ ਗਈ ਇਹ ਫਿਲਮ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ​ਟ੍ਰੇਲਰ ਦੀ ਸ਼ੁਰੂਆਤ ਪੰਜਾਬ ਦੇ ਰੇਤਲੇ ਟਿੱਬਿਆਂ ਦੇ ਪਿਛੋਕੜ ਤੋਂ ਹੁੰਦੀ ਹੈ, ਜਿੱਥੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਦੁਸ਼ਮਣੀ, ਅਣਖ, ਹੰਕਾਰ ਅਤੇ ਟੁੱਟਦੇ ਰਿਸ਼ਤਿਆਂ ਦੀ ਕਹਾਣੀ ਦਿਖਾਈ ਗਈ ਹੈ। ਇਹ ਫਿਲਮ ਪੰਜਾਬ ਦੀ ਧਰਤੀ ਨਾਲ ਜੁੜੇ ਲੋਕਾਂ, ਪਰਿਵਾਰਕ ਵਫ਼ਾਦਾਰੀ ਅਤੇ ਜ਼ਮੀਨ ਪ੍ਰਤੀ ਪ੍ਰੇਮ ਨੂੰ ਦਰਸਾਉਂਦੀ ਹੈ।

ਟ੍ਰੇਲਰ ਵਿੱਚ ਮੁੱਖ ਪਾਤਰ ਦੱਸਦਾ ਹੈ ਕਿ ਉਸ ਲਈ ਜ਼ਮੀਨ ਕੇਵਲ ਧਰਤੀ ਦਾ ਟੁਕੜਾ ਨਹੀਂ ਹੈ, ਸਗੋਂ ਇਸ ਵਿੱਚ ਉਸਦੇ ਬਾਪ, ਦਾਦੇ ਅਤੇ ਚਾਚੇ ਦਾ ਖੂਨ ਮਿਲਿਆ ਹੋਇਆ ਹੈ। ​ਟ੍ਰੇਲਰ ਦੇ ਅੰਤ ਵਿੱਚ ਇੱਕ ਮਾਂ ਦਾ ਦਰਦ ਉਜਾਗਰ ਹੁੰਦਾ ਹੈ, ਜੋ ਆਪਣੇ ਪੁੱਤਰ (ਬਿੱਕਰ) ਦੇ ਘਰ ਪਰਤਣ ਦੀ ਰਾਹ ਉਡੀਕ ਰਹੀ ਹੈ। ਪਿਛੋਕੜ ਵਿੱਚ ਚੱਲਦਾ ਭਾਵੁਕ ਸੰਗੀਤ ਫਿਲਮ ਦੇ ਗੰਭੀਰ ਅਤੇ ਭਾਵੁਕ ਪੱਖ ਨੂੰ ਪੇਸ਼ ਕਰਦਾ ਹੈ।

ਟ੍ਰੇਲਰ ਨੂੰ ਦੇਖ ਕੀ ਬੋਲੇ ਲੋਕ

ਟ੍ਰੇਲਰ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ, ਉਹ ਆਪਣੇ ਉਤਸ਼ਾਹ ਨੂੰ ਸ਼ੋਸਲ ਮੀਡੀਆ ਉਤੇ ਬਿਆਨ ਕਰ ਰਹੇ ਹਨ। ਇੱਕ ਨੇ ਲਿਖਿਆ, “ਇਹ ਫਿਲਮ ਤਾਂ ਸਿਨੇਮੇ ਵਿੱਚ ਹੀ ਦੇਖਣੀ ਚਾਹੀਦੀ ਹੈ, ਸਿਰਾ ਲਾਇਆ ਪਿਆ।” ਇੱਕ ਹੋਰ ਨੇ ਲਿਖਿਆ, “ਪੰਜਾਬ ਜ਼ਿੰਦਾਬਾਦ ਮਿੱਟੀ ਦੇ ਪੁੱਤ।” ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ।

ਫਿਲਮ ਦੀ ਸਟਾਰ ਕਾਸਟ ਅਤੇ ਰਿਲੀਜ਼ ਮਿਤੀ

ਇਸ ਫਿਲਮ ਵਿੱਚ ਦੇਵ ਖਰੌੜ ਤੋਂ ਇਲਾਵਾ ਸ਼ਰਨ ਕੌਰ, ਵਿਕਰਮਜੀਤ ਵਿਰਕ, ਅਨੀਤਾ ਮੀਤ, ਯੋਗਰਾਜ ਸਿੰਘ, ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਪਰਦੀਪ ਚੀਮਾ, ਅਮਨ ਧਾਲੀਵਾਲ, ਅਮਨ ਸੁਤਦਾਰ, ਦੀਪਕ ਕੰਬੋਜ, ਦਿਲਾਵਰ ਸਿੱਧੂ, ਮਨਜੀਤ ਸਿੰਘ, ਵਿਕਰਮਜੀਤ ਖਹਿਰਾ, ਰਵਿੰਦਰ ਮੰਡ, ਰੰਗਕਰਮੀ, ਗੁਰਿੰਦਰ ਦਾਨਵ, ਗੁਰਵਿੰਦਰ ਕੌਰ, ਦਾਨਿਸ਼ਵਰ ਸਿੰਘ ਮਕਨਾ, ਜਸਬੀਰ ਗਿੱਲ ਵਰਗੇ ਮੰਝੇ ਹੋਏ ਕਲਾਕਾਰ ਹਨ। ਇਹ ਫਿਲਮ 18 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

Share This Article
Leave a comment

Leave a Reply

Your email address will not be published. Required fields are marked *