ਗੋਲੀਆਂ ਚੱਲਣ ਤੋਂ ਬਾਅਦ ਪਹਿਲੀ ਵਾਰ ਬੋਲੇ ਐਮੀ ਵਿਰਕ, ਸਾਂਝੀ ਕੀਤੀ ਪੋਸਟ, ਕਿਹਾ-ਸਭ ਸੁੱਖ-ਸ਼ਾਂਤ…

Jiya Nagpal
2 Min Read

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਕਾਫਿਲੇ ਦੀ ਇੱਕ ਗੱਡੀ ‘ਤੇ ਕੈਨੇਡਾ ਦੇ ਐਬਟਸਫੋਰਡ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੁਣ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਹੈ। ਐਮੀ ਵਿਰਕ ਨੇ ਆਪਣੀ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਲਾਮਤੀ ਬਾਰੇ ਭਰੋਸਾ ਦਿੱਤਾ।

ਗਾਇਕ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, “ਸਭ ਸੁੱਖ-ਸ਼ਾਂਤ ਹੈ ਸੱਜਣੋਂ, ਤੁਸੀਂ ਗਾਣਾ ਸੁਣੋ ਅਤੇ ਤੁਹਾਡੀ ਦੁਆ ਲਈ ਸੱਚੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।”

ਦੱਸਿਆ ਜਾ ਰਿਹਾ ਹੈ ਕਿ 5 ਸਤੰਬਰ ਦੀ ਰਾਤ ਨੂੰ ਐਬਟਸਫੋਰਡ ਵਿੱਚ ਕੰਸਰਟ ਤੋਂ ਬਾਅਦ ਐਮੀ ਵਿਰਕ ਦੇ ਕਾਫਿਲੇ ਨਾਲ ਜੁੜੀ ਇੱਕ ਗੱਡੀ ‘ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਮੁਤਾਬਕ ਇੱਕ ਗੂੜ੍ਹੇ ਰੰਗ ਦੀ SUV ਵਿੱਚ ਸਵਾਰ ਲੋਕਾਂ ਨੇ ਚੱਲਦੀ ਗੱਡੀ ‘ਤੇ ਕਈ ਰਾਊਂਡ ਫਾਇਰ ਕੀਤੇ। ਇਸ ਤੋਂ ਥੋੜ੍ਹੀ ਦੇਰ ਬਾਅਦ ਇੱਕ SUV ਨੂੰ ਅੱਗ ਲੱਗੀ ਹੋਈ ਵੀ ਮਿਲੀ।

ਸਥਾਨਕ ਪੁਲਿਸ ਨੇ ਮੁੱਢਲੇ ਤੌਰ ‘ਤੇ ਘਟਨਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੱਸਿਆ ਹੈ। ਹਾਲਾਂਕਿ, ਹਮਲੇ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਜਾਂਚ ਜਾਰੀ ਹੈ। ਪੁਲਿਸ ਨੇ ਗੱਡੀ ਵਿੱਚ ਮੌਜੂਦ ਲੋਕਾਂ ਦੀ ਪਛਾਣ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਐਮੀ ਵਿਰਕ ਇਸ ਸਮੇਂ ਕੈਨੇਡਾ ਅਤੇ ਅਮਰੀਕਾ ਵਿੱਚ ਆਪਣੇ 2026 Unity Tour ਤਹਿਤ ਕੰਸਰਟ ਕਰ ਰਹੇ ਹਨ। ਸਾਂਝੀ ਕੀਤੀ ਪੋਸਟ ਦੇ ਨਾਲ ਗਾਇਕ ਨੇ ਆਪਣੇ ਤਾਜ਼ਾ ਰਿਲੀਜ਼ ਹੋਏ ਗਾਣੇ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

ਉਲੇਖਯੋਗ ਹੈ ਕਿ ਐਮੀ ਵਿਰਕ, ਜਿੰਨਾਂ ਦਾ ਪੂਰਾ ਨਾਂਅ ਅਮਨਿੰਦਰਪਾਲ ਸਿੰਘ ਵਿਰਕ ਹੈ, ਉਹ ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਪ੍ਰਮੁੱਖ ਨਾਵਾਂ ਵਿੱਚੋਂ ਇੱਕ ਹਨ। ਉਹ ‘ਅੰਗਰੇਜ਼’, ‘ਕਿਸਮਤ’, ‘ਨਿੱਕਾ ਜ਼ੈਲਦਾਰ’ ਅਤੇ ‘ਲੌਂਗ ਲਾਚੀ’ ਸਮੇਤ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ’83’, ‘ਬੈਡ ਨਿਊਜ਼’ ਅਤੇ ‘ਖੇਲ ਖੇਲ ਮੇਂ’ ਵਰਗੀਆਂ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਗਾਇਕ ਇਸ ਸਮੇਂ ਲਾਈਵ ਸ਼ੋਅ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ ਨੂੰ ਲੈ ਕੇ ਵੀ ਚਰਚਾ ਬਟੋਰ ਰਿਹਾ ਹੈ।

Share This Article
Leave a comment

Leave a Reply

Your email address will not be published. Required fields are marked *