ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਕਮਾਲ, ਪਾਕਿਸਤਾਨ ਨੂੰ 19-0 ਨਾਲ ਰੌਂਦ ਕੇ ਸੈਮੀਫਾਈਨਲ ‘ਚ ਮਾਰੀ ਐਂਟਰੀ

Jiya Nagpal
3 Min Read

ਚੰਡੀਗੜ੍ਹ: ਏਸ਼ੀਅਨ ਹਾਕੀ ਫੈਡਰੇਸ਼ਨ ਜੂਨੀਅਰ ਏਸ਼ੀਆ ਕੱਪ 2026 ਵਿੱਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 19-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਕੁਆਰਟਰ ਫਾਈਨਲ ਦੇ ਇਸ ਮੁਕਾਬਲੇ ਵਿੱਚ ਭਾਰਤੀ ਖਿਡਾਰਨਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਤਰ੍ਹਾਂ ਹਾਵੀ ਰਹੀਆਂ ਅਤੇ ਵਿਰੋਧੀ ਟੀਮ ਨੂੰ ਸੰਭਲਣ ਦਾ ਇੱਕ ਵੀ ਮੌਕਾ ਨਹੀਂ ਦਿੱਤਾ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਭਾਰਤ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।ਕੁਆਰਟਰ ਦਰ ਕੁਆਰਟਰ ਭਾਰਤ ਦਾ ਦਬਦਬਾ

ਮੈਚ ਦੇ ਪਹਿਲੇ ਮਿੰਟ ਤੋਂ ਹੀ ਭਾਰਤੀ ਟੀਮ ਨੇ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਸੀ। ਪਹਿਲੇ ਕੁਆਰਟਰ ਦੀ ਖੇਡ ਖਤਮ ਹੋਣ ਤੱਕ ਭਾਰਤ 5-0 ਨਾਲ ਅੱਗੇ ਸੀ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਵੀ ਗੋਲਾਂ ਦਾ ਮੀਂਹ ਜਾਰੀ ਰਿਹਾ ਅਤੇ ਹਾਫ-ਟਾਈਮ ਤੱਕ ਸਕੋਰ 10-0 ਹੋ ਗਿਆ। ਤੀਜੇ ਕੁਆਰਟਰ ਦੀ ਖੇਡ ਖਤਮ ਹੋਣ ਵੇਲੇ ਭਾਰਤ ਨੇ 13-0 ਦੀ ਲੀਡ ਬਣਾ ਲਈ ਸੀ ਅਤੇ ਆਖਰੀ 15 ਮਿੰਟਾਂ ਵਿੱਚ ਹੋਰ 6 ਗੋਲ ਦਾਗ ਕੇ ਭਾਰਤ ਨੇ ਫਾਈਨਲ ਸਕੋਰ 19-0 ਕਰ ਦਿੱਤਾ।

ਪੂਜਾ ਮਲਿਕ ਰਹੀ ਮੈਚ ਦੀ ਸਟਾਰ

ਇਸ ਮਹਾਨ ਜਿੱਤ ਵਿੱਚ ਭਾਰਤੀ ਖਿਡਾਰਨ ਪੂਜਾ ਮਲਿਕ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ। ਪਾਕਿਸਤਾਨ ਖ਼ਿਲਾਫ਼ ਇਸ ਮੁਕਾਬਲੇ ਵਿੱਚ ਸ਼ਾਨਦਾਰ ਹੈਟ੍ਰਿਕ ਲਗਾਉਣ ਲਈ ਪੂਜਾ ਮਲਿਕ ਨੂੰ ‘ਪਲੇਅਰ ਆਫ਼ ਦ ਮੈਚ’ ਦੇ ਅਵਾਰਡ ਨਾਲ ਨਵਾਜ਼ਿਆ ਗਿਆ। ਉਸ ਦੇ ਸ਼ਾਨਦਾਰ ਫੀਲਡ ਵਰਕ ਅਤੇ ਹਮਲਿਆਂ ਦਾ ਪਾਕਿਸਤਾਨੀ ਡਿਫੈਂਸ ਕੋਲ ਕੋਈ ਜਵਾਬ ਨਹੀਂ ਸੀ।

ਸੈਮੀਫਾਈਨਲ ਦਾ ਮੁਕਾਬਲਾ ਅਤੇ ਅਗਲਾ ਸਫ਼ਰ

ਕੁਆਰਟਰ ਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਹੋਏ ਮੈਚ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਭਾਰਤੀ ਜੂਨੀਅਰ ਮਹਿਲਾ ਟੀਮ ਖਿਤਾਬ ਜਿੱਤਣ ਦੇ ਹੋਰ ਨਜ਼ਦੀਕ ਪਹੁੰਚ ਗਈ ਹੈ। ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।

ਮੁੰਡਿਆਂ ਦੀ ਟੀਮ ਵੀ ਸੈਮੀਫਾਈਨਲ ‘ਚ

ਦੂਜੇ ਪਾਸੇ, ਭਾਰਤੀ ਜੂਨੀਅਰ ਮੁੰਡਿਆਂ ਦੀ ਹਾਕੀ ਟੀਮ ਨੇ ਵੀ ਟੂਰਨਾਮੈਂਟ ਦੇ ਅਹਿਮ ਪੜਾਅ ਵਿੱਚ ਕਦਮ ਰੱਖਦੇ ਹੋਏ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਚੀਨ ਦੇ ਮੋਕੀ ਵਿਖੇ ਖੇਡੇ ਗਏ ਪੂਲ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੇ ਚੀਨੀ ਤਾਈਪੇ ਨੂੰ 15-0 ਨਾਲ ਹਰਾਇਆ ਸੀ। ਹੁਣ ਏਐੱਚਐੱਫ ਜੂਨੀਅਰ ਏਸ਼ੀਆ ਕੱਪ 2026 ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਜੂਨੀਅਰ ਮੈਨਜ਼ ਟੀਮ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ। ਆਪਣੇ ਖ਼ਿਤਾਬ ਦਾ ਬਚਾਅ ਕਰਨ ਤੋਂ ਭਾਰਤੀ ਮੁੰਡੇ ਹੁਣ ਸਿਰਫ਼ ਦੋ ਕਦਮ ਦੂਰ ਹਨ।

ਕਿੱਥੇ ਵੇਖੀਏ ਲਾਈਵ ਮੈਚ?

ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਦੋਵੇਂ (ਮਹਿਲਾ ਅਤੇ ਪੁਰਸ਼) ਜੂਨੀਅਰ ਹਾਕੀ ਟੀਮਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਅੱਗੇ ਵੀ ਜਾਰੀ ਰੱਖਣਗੀਆਂ। ਖੇਡ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ ਕਿ ਏਐੱਚਐੱਫ ਜੂਨੀਅਰ ਏਸ਼ੀਆ ਕੱਪ 2026 ਦੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਭਾਰਤੀ ਟੀਮ ਦੇ ਸੈਮੀਫਾਈਨਲ ਅਤੇ ਬਾਕੀ ਸਾਰੇ ਮੈਚਾਂ ਦੀ ਲਾਈਵ ਸਟ੍ਰੀਮਿੰਗ Asian Hockey Federation ਦੇ ਆਧਿਕਾਰਿਕ ਯੂਟਿਊਬ ਚੈਨਲ (https://www.youtube.com/@official_asian_hockey) ‘ਤੇ ਬਿਲਕੁਲ ਮੁਫ਼ਤ ਵੇਖ ਸਕਦੇ ਹਨ।

Share This Article
Leave a comment

Leave a Reply

Your email address will not be published. Required fields are marked *