*ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

Jiya Nagpal
3 Min Read
ਚੰਡੀਗੜ੍ਹ, 11 ਸਤੰਬਰ 2026: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੜਕ ਨਿਰਮਾਣ ਵਿੱਚ ਘਟੀਆ ਦਰਜੇ ਦੀ ਸਮੱਗਰੀ ਦੀ ਵਰਤੋਂ ਅਤੇ ਫੰਡਾਂ ਦਾ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ 2.62 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਸੜਕ ਬਣਾਉਣ ਵਾਲੇ ਠੇਕੇਦਾਰ ਅਤੇ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਵਾਰਡ ਨੰਬਰ 5, ਨਵੀਂ ਕਚਹਿਰੀ ਰੋਡ, ਮਾਨਸਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਮਾਨਸਾ ਨਗਰ ਕੌਂਸਲ ਵੱਲੋਂ ਨਵੀਂ ਕਚਹਿਰੀ ਰੋਡ, ਮਾਨਸਾ ਸਥਿਤ ‘ਗਗੋਵਾਲ-ਵਾਲੀ ਗਲੀ’ ਤੋਂ ਲੈ ਕੇ ਮਾਨਸਾ ਖੁਰਦ ਵਿਖੇ ਨਗਰ ਕੌਂਸਲ ਦੀ ਹੱਦ ਤੱਕ ਜਾਂਦੀ ਸੜਕ ਦੀ ਮੁਰੰਮਤ ਲਈ ਟੈਂਡਰ ਜਾਰੀ ਕੀਤਾ ਗਿਆ ਸੀ। ਕੌਂਸਲ ਵੱਲੋਂ ਵਰਕ ਆਰਡਰ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਸੀ। ਹਾਲਾਂਕਿ, ਟੈਂਡਰ ਵਿੱਚ ਸ਼ਾਮਲ ਸੜਕ ਦੇ ਪੂਰੇ ਹਿੱਸੇ ਦੀ ਮੁਰੰਮਤ ਕਰਨ ਦੀ ਬਜਾਏ, ਸਿਰਫ਼ ‘ਗਗੋਵਾਲ-ਵਾਲੀ ਗਲੀ’ ਤੋਂ ਛੋਟੀ ਮਾਨਸਾ ਵੱਲ ਜਾਂਦੀ ਸੜਕ ਦੇ ਹਿੱਸੇ ਦਾ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਸੜਕ ਦੀ ਜਾਂਚ ਕਰਨ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ। ਇਸ ਜਾਂਚ ਦੌਰਾਨ ਇਕੱਤਰ ਕੀਤੇ ਗਏ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿੱਚ ਵਰਤੀ ਗਈ ਸਮੱਗਰੀ ਵਿੱਚ ਦਬਾਅ-ਸਹਿਣ ਦੀ ਲੋੜੀਂਦੀ ਸਮਰੱਥਾ ਦੀ ਘਾਟ ਪਾਈ ਗਈ। ਇਸ ਤੋਂ ਇਲਾਵਾ, ਪੰਜਾਬ ਮੰਡੀ ਬੋਰਡ, ਬਠਿੰਡਾ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਸ ਕਾਰਜ ਲਈ ਲਾਗੂ ਦਰਾਂ ਸਰਕਾਰ ਵੱਲੋਂ ਪ੍ਰਵਾਨਿਤ ਦਰਾਂ ਨਾਲੋਂ ਕਾਫ਼ੀ ਵੱਧ ਸਨ, ਜਿਸ ਕਾਰਨ 2.62 ਲੱਖ ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਸਬੰਧਤ ਨਗਰ ਕੌਂਸਲ ਮੁਲਾਜ਼ਮਾਂ ਅਤੇ ਠੇਕੇਦਾਰ ਦੀ ਮਿਲੀਭੁਗਤ ਕਾਰਨ ਸੜਕ ਦੇ ਨਿਰਮਾਣ ਦੌਰਾਨ ਘਟੀਆ ਦਰਜੇ ਦੀ ਸਮੱਗਰੀ ਵਰਤੀ ਗਈ, ਜਿਸ ਦੇ ਨਤੀਜੇ ਵਜੋਂ ਸੂਬੇ ਦੇ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਇਸ ਸਬੰਧੀ, ਦੋਸ਼ੀ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ, ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ———-
Share This Article
Leave a comment

Leave a Reply

Your email address will not be published. Required fields are marked *