ਸ੍ਰੀ ਅਨੰਦਪੁਰ ਸਾਹਿਬ 16 ਸਤੰਬਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 25 ਸਤੰਬਰ ਤੋਂ 20 ਅਕਤੂਬਰ ਤੱਕ ਪਿੰਡ-ਪਿੰਡ ਅਤੇ ਵਾਰਡ-ਵਾਰਡ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਚਲਾਇਆ ਜਾਵੇਗਾ। ਇਸ ਸਬੰਧੀ ਵਿਰਾਸਤ-ਏ-ਖਾਲਸਾ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਮੁਹਿੰਮ ਨਾਲ ਜੁੜੇ ਵੱਖ-ਵੱਖ ਅਹੁਦੇਦਾਰਾਂ ਅਤੇ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਹੋਰ ਤੇਜ਼ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 25 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਤਹਿਤ ਪਿੰਡਾਂ ਅਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਨੌਜਵਾਨਾਂ, ਮਾਪਿਆਂ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਸਰਕਾਰੀ ਪੱਧਰ ’ਤੇ ਯਤਨ ਕਾਫ਼ੀ ਨਹੀਂ ਹਨ, ਸਗੋਂ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਵਾਰਡਾਂ ਵਿੱਚ ਬਣਾਈਆਂ ਗਈਆਂ ਕਮੇਟੀਆਂ ਅਤੇ ਪਹਿਰੇਦਾਰ ਇਸ ਮੁਹਿੰਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਅਤੇ ਆਪਣੇ ਇਲਾਕੇ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਰੋਕਣ ਲਈ ਲੋਕਾਂ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਭੋਲੇ-ਭਾਲੇ ਲੋਕਾਂ ਨੂੰ ਸਿਰਫ਼ ਨਕਾਰਾਤਮਕ ਨਜ਼ਰੀਏ ਨਾਲ ਦੇਖਣ ਦੀ ਬਜਾਏ ਉਨ੍ਹਾਂ ਪ੍ਰਤੀ ਹਮਦਰਦੀ, ਸਹਿਯੋਗ ਅਤੇ ਇਲਾਜ ਦੀ ਭਾਵਨਾ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਲਾਜ ਅਤੇ ਪੁਨਰਵਾਸ ਸੇਵਾਵਾਂ ਤੱਕ ਪਹੁੰਚਾਉਣ ਵਿੱਚ ਪਰਿਵਾਰ, ਸਮਾਜ ਅਤੇ ਮੁਹਿੰਮ ਨਾਲ ਜੁੜੇ ਮੈਂਬਰ ਸਹਿਯੋਗ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਪਰਿਵਾਰਕ ਸਹਿਯੋਗ ਅਤੇ ਸਮਾਜਿਕ ਸਵੀਕਾਰਤਾ ਵੀ ਮਹੱਤਵਪੂਰਨ ਹਨ।
ਇਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ, ਵਾਈਸ ਜ਼ਿਲ੍ਹਾ ਕੋਆਰਡੀਨੇਟਰ, ਹਲਕਾ ਕੋਆਰਡੀਨੇਟਰ, ਵਾਰਡ ਕੋਆਰਡੀਨੇਟਰ ਅਤੇ ਬਲਾਕ ਕੋਆਰਡੀਨੇਟਰ ਸਮੇਤ ਸਮੂਹ ਪਿੰਡਾਂ ਅਤੇ ਵਾਰਡਾਂ ਦੀਆਂ ਕਮੇਟੀਆਂ ਦੇ ਕਨਵੀਨਰ, ਐਕਟਿਵ ਪ੍ਰਧਾਨ ਅਤੇ ਮੈਡੀਕਲ ਬੁਲਾਰੇ ਹਾਜ਼ਰ ਰਹੇ। ਇਸ ਮੌਕੇ ਮੁਹਿੰਮ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ, ਲੋਕਾਂ ਦੀ ਭਾਗੀਦਾਰੀ ਵਧਾਉਣ ਅਤੇ ਵੱਖ-ਵੱਖ ਟੀਮਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸਹੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਸਮੂਹ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਜਿਲ੍ਹਾ ਇੰਚਾਰਜ ਯੁੱਧ ਨਸ਼ਿਆ ਵਿਰੁੱਧ, ਮੋਹਿਤ ਦੀਵਾਨ ਉਪ ਜਿਲ੍ਹਾਂ ਇੰਚਾਰਜ ਯੁੱਧ ਨਸ਼ਿਆ ਵਿਰੁੱਧ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰੰਭੀ ਇਸ ਮੁਹਿੰਮ ਨੂੰ ਸੂਬੇ ਭਰ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ, ਹਜ਼ਾਰਾ ਤਸਕਰ ਜੇਲ੍ਹਾਂ ਵਿਚ ਡੱਕੇ ਜਾ ਚੁੱਕੇ ਹਨ, ਕਰੋੜਾਂ ਰੁਪਏ ਦਾ ਨਸ਼ਾ ਜਬਤ ਕੀਤਾ ਗਿਆ ਹੈ, ਹਜ਼ਾਰਾ ਨੌਜਵਾਨਾਂ ਨੂੰ ਨਸ਼ੇ ਛਡਵਾ ਕੇ ਆਮ ਜੀਵਨ ਜੀਉਣ ਦੇ ਯੋਗ ਬਣਾਇਆ ਗਿਆ ਹੈ। ਪੰਜਾਬ ਦੀ ਜਵਾਨੀ ਨੂੰ ਮੁੜ ਲੀਹ ਤੇ ਲੈ ਆਉਦਾ ਹੈ। ਇਸ ਮੌਕੇ ਮੰਚ ਸੰਚਾਲਨ ਰਾਜ ਘਈ ਵੱਲੋਂ ਕੀਤਾ ਗਿਆ।
ਇਸ ਮੌਕੇ ਸੁਖਪਾਲ ਸਿੰਘ ਐਸ.ਡੀ.ਐਮ ਅਨੰਦਪੁਰ ਸਾਹਿਬ, ਸਚਿਨ ਪਾਠਕ ਐਸ.ਡੀ.ਐਮ ਨੰਗਲ, ਨਵੀਨਪਾਲ ਡੀ.ਐਸ.ਪੀ ਨੰਗਲ, ਜਸ਼ਨਦੀਪ ਸਿੰਘ ਡੀ.ਐਸ.ਪੀ ਅਨੰਦਪੁਰ ਸਾਹਿਬ, ਕਮਿੱਕਰ ਸਿੰਘ ਡਾਢੀ ਮੈਂਬਰ ਦਲਿਤ ਵਿਕਾਸ ਬੋਰਡ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟਰੇਡ ਵਿੰਗ, ਸੰਦੀਪ ਕੁਮਾਰ ਤਹਿਸੀਲਦਾਰ, ਡਾ.ਸੁਮਿਤ ਢਿੱਲੋਂ ਤਹਿਸੀਲਦਾਰ, ਗੁਰਪ੍ਰੀਤ ਕੁਮਾਰ ਨਾਇਬ ਤਹਿਸੀਲਦਾਰ, ਕਿਰਨ ਬਾਲਾ ਚੇਅਰਮੈਨ ਨਗਰ ਕੋਂਸਲ ਨੰਗਲ, ਰਾਜਪਾਲ ਸਿੰਘ ਸੂਬੇਦਾਰ, ਸੋਹਣ ਸਿੰਘ ਬੈਂਸ, ਰਾਜਮੁੱਖ ਸਿੰਘ, ਸਮਸ਼ੇਰ ਸਿੰਘ, ਗੁਰਸੇਵਕ ਸਿੰਘ, ਬਰਿੰਦਰ ਰਾਣਾ, ਬਲਵਿੰਦਰ ਸਿੰਘ, ਵਿੱਕੀ ਮਹਿਤਾ, ਅਮਿਤ ਦੀਵੇਦੀ, ਹੈਪੀ, ਸੰਜੀਵ, ਦਾਨਿਸ਼ਵੀਰ ਸਿੰਘ ਥਾਣਾ ਮੁਖੀ, ਰਾਹੁਲ ਸ਼ਰਮਾ ਥਾਣਾ ਮੁਖੀ ਤੇ ਜਤਿਨ ਕਪੂਰ ਥਾਣਾ ਮੁਖੀ ਤੇ ਵੱਡੀ ਗਿਣਤੀ ਵਿਚ ਵੀ.ਡੀ.ਸੀ ਮੈਂਬਰ, ਪੰਚ, ਸਰਪੰਚ ਹਾਜ਼ਰ ਸਨ।
25 ਸਤੰਬਰ ਤੋਂ 20 ਅਕਤੂਬਰ ਤੱਕ ਪਿੰਡ-ਪਿੰਡ ਚਲਾਈ ਜਾਵੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ – ਹਰਜੋਤ ਬੈਂਸ
Leave a comment
