ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਆਗਾਜ਼

Jiya Nagpal
3 Min Read
ਚੰਡੀਗੜ੍ਹ/ਪਠਾਨਕੋਟ, ਸਤੰਬਰ 18: ਸਵੱਛਤਾ ਨੂੰ ਲੋਕ ਲਹਿਰ ਬਣਾਉਣ ਅਤੇ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੱਜ ਇੱਥੇ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦਾ ਆਗਾਜ਼ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬਲਾਕ ਘਰੋਟਾ ਦੇ ਸਮੂਹ ਸਰਪੰਚਾਂ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦੀ ਮੁਹਿੰਮ ਨੂੰ ਹੋਰ ਵੱਡੇ ਪੱਧਰ ’ਤੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਡੀ.ਐੱਸ.ਓ.-ਕਮ-ਕਾਰਜਕਾਰੀ ਇੰਜੀਨੀਅਰ ਸ੍ਰੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਏ.ਡੀ.ਐੱਸ.ਓ. ਸ੍ਰੀ ਧੀਰਜ ਡੋਗਰਾ ਅਤੇ ਜ਼ਿਲ੍ਹਾ ਪਠਾਨਕੋਟ ਦੇ ਡੀ.ਡਬਲਿਊ.ਐੱਸ.ਐੱਸ. ਦੇ ਸੋਸ਼ਲ ਸਟਾਫ਼ ਵੱਲੋਂ ਹਾਜ਼ਰ ਇਕੱਠ ਨੂੰ ਮੁਹਿੰਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ‘ਸਵੱਛਤਾ ਹੀ ਸੇਵਾ-2026’ ਮੁਹਿੰਮ 17 ਸਤੰਬਰ ਤੋਂ ਸ਼ੁਰੂ ਹੋਈ ਹੈ ਅਤੇ 2 ਅਕਤੂਬਰ 2026 ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਫ਼ਾਈ ਅਤੇ ਸੈਨੀਟੇਸ਼ਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਫ਼ਾਈ ਕਾਰਜਾਂ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਗਲੀਆਂ ਦੀ ਜਾਂ ਨਾਲੀਆਂ ਦੀ ਸਫ਼ਾਈ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਅਜਿਹੇ ਸੱਭਿਆਚਾਰ ਨੂੰ ਵਿਕਸਿਤ ਕਰਨਾ ਹੈ, ਜਿਸ ਵਿੱਚ ਸਫ਼ਾਈ ਸਾਡੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਸਫ਼ਾਈ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਬਣਦਾ ਸਨਮਾਨ ਅਤੇ ਸੁਰੱਖਿਆ ਪ੍ਰਦਾਨ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ‘ਸਵੱਛਤਾ ਵਿੱਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’  ਇਸ ਮੁਹਿੰਮ ਦਾ ਥੀਮ ਹੈ। ਇਸ ਮੁਹਿੰਮ ਤਹਿਤ ਸਫ਼ਾਈ ਅਤੇ ਸੈਨੀਟੇਸ਼ਨ ਨੂੰ ਲੈ ਕੇ ਲੋਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਮੁਹਿੰਮ ਦੇ ਪੰਜ ਮੁੱਖ ਥੰਮ੍ਹਾਂ ਵਿੱਚ ਸਫ਼ਾਈ ਦੇ ਨਿਸ਼ਾਨੇ ਵਾਲੇ ਸਥਾਨਾਂ ਦੀ ਕਾਇਆ-ਕਲਪ ਅਤੇ ਸਾਫ਼ ਜਨਤਕ ਥਾਵਾਂ ਦੀ ਸਿਰਜਣਾ, ‘ਸਵੱਛ ਪਾਠਸ਼ਾਲਾ—ਯੁਵਾ ਫ਼ਾਰ ਸਵੱਛਤਾ’, ਸਫ਼ਾਈ ਮਿੱਤਰਾਂ ਦੀ ਸੁਰੱਖਿਆ, ਭਲਾਈ ਅਤੇ ਸਨਮਾਨ ਲਈ ‘ਸਫ਼ਾਈ ਮਿੱਤਰ ਸੁਰੱਖਿਆ ਅਤੇ ਸਨਮਾਨ ਸ਼ਿਵਿਰ’, ਜਨ ਭਾਗੀਦਾਰੀ ਰਾਹੀਂ ਸਫ਼ਾਈ ਅਤੇ ‘ਸਵੱਛਤਾ ਤੋਂ ਸਮ੍ਰਿੱਧੀ’ ਰਾਹੀਂ ਸਫ਼ਾਈ ਨੂੰ ਖੁਸ਼ਹਾਲੀ ਨਾਲ ਜੋੜਨਾ ਸ਼ਾਮਿਲ ਹੈ। ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਮੁਹਿੰਮ ਦੌਰਾਨ ਸਮਾਜ ਦੇ ਹਰ ਵਰਗ ਨੂੰ ਸਫ਼ਾਈ ਕਾਰਜਾਂ ਨਾਲ ਜੋੜਨ ਅਤੇ ਸਵੱਛਤਾ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
Share This Article
Leave a comment

Leave a Reply

Your email address will not be published. Required fields are marked *