ਯੂਪੀਆਈ ‘ਤੇ ਵਾਧੂ ਚਾਰਜਾਂ ਖਿਲਾਫ਼ ਜਲੰਧਰ ਅਤੇ ਪਠਾਨਕੋਟ ‘ਚ ਆਪ ਦਾ ਪ੍ਰਦਰਸ਼ਨ, ਆਪ ਕਰਮਚਾਰੀਆਂ ਨੇ ਮੋਦੀ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ, ਫੂਕਿਆ ਪੁਤਲਾ

Jiya Nagpal
4 Min Read

ਚੰਡੀਗੜ੍ਹ 18 ਸਤੰਬਰ- ਯੂਪੀਆਈ ਲੈਣ-ਦੇਣ ‘ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ (‘ਆਪ’) ਨੇ ਸ਼ੁੱਕਰਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਜਲੰਧਰ ਅਤੇ ਪਠਾਨਕੋਟ ਦੇ ਸੁਜਾਨਪੁਰ ‘ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਇਸ ਕਦਮ ਨੂੰ ਜਨਤਾ ਦੀ ਜੇਬ ‘ਤੇ ਸਿੱਧਾ ਡਾਕਾ ਕਰਾਰ ਦਿੱਤਾ। ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਏ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਜਲੰਧਰ ਵਿੱਚ ਸ਼ਹੀਦ ਭਗਤ ਸਿੰਘ ਚੌਕ ‘ਚ ਆਯੋਜਿਤ ਵਿਸ਼ਾਲ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਕੀਤੀ। ਇਸ ਦੌਰਾਨ ਪਾਰਟੀ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਵਪਾਰੀਆਂ, ਵਿਦਿਆਰਥੀਆਂ ਅਤੇ ਆਮ ਵਰਗ ‘ਤੇ ਬਹੁਤ ਵੱਡਾ ਆਰਥਿਕ ਬੋਝ ਹੈ। ਭਾਜਪਾ ਸਰਕਾਰ ਦੀਆਂ ਨੀਤੀਆਂ ਹਮੇਸ਼ਾ ਆਮ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦਾ ਬਜਟ ਵਿਗਾੜਨ ਵਾਲੀਆਂ ਰਹੀਆਂ ਹਨ।

‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਮੋਦੀ ਸਰਕਾਰ ਨੇ ਦੇਸ਼ ਦੇ ਹਰ ਨਾਗਰਿਕ ਨੂੰ ਡਿਜੀਟਲ ਟ੍ਰਾਂਸਜੈਕਸ਼ਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਬੈਂਕਾਂ ‘ਚ ਇਹ ਪਾਬੰਦੀ ਲਗਾ ਦਿੱਤੀ ਗਈ ਕਿ 50,000 ਰੁਪਏ ਤੋਂ ਵੱਧ ਦੀ ਨਕਦ ਡੀਲਿੰਗ ਨਹੀਂ ਕੀਤੀ ਜਾ ਸਕਦੀ। ਹੁਣ ਜਦੋਂ ਸਾਲਾਂ ਦੀ ਆਦਤ ਤੋਂ ਬਾਅਦ ਦੇਸ਼ ਦਾ ਹਰ ਛੋਟਾ-ਵੱਡਾ ਵਪਾਰੀ, ਦੁਕਾਨਦਾਰ ਅਤੇ ਆਮ ਨਾਗਰਿਕ ਪੂਰੀ ਤਰ੍ਹਾਂ ਯੂਪੀਆਈ ਪੇਮੈਂਟ ‘ਤੇ ਨਿਰਭਰ ਹੋ ਚੁੱਕਾ ਹੈ, ਤਾਂ ਸਰਕਾਰ ਨੇ ਚੁੱਪਚਾਪ ਇਸ ‘ਤੇ ਟੈਕਸ ਦਾ ਬੋਝ ਠੋਕ ਦਿੱਤਾ ਹੈ।

‘ਆਪ’ ਆਗੂ ਨੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਯੂਪੀਆਈ ‘ਤੇ ਲਗਾਇਆ ਗਿਆ ਇਹ ਟੈਕਸ ਹੋਰ ਕੁਝ ਨਹੀਂ, ਸਗੋਂ ਪ੍ਰਾਚੀਨ ਕਾਲ ਦੇ ‘ਜਜ਼ੀਆ ਕਰ’ ਦੇ ਸਮਾਨ ਹੈ, ਜੋ ਧੱਕੇ ਨਾਲ ਜਨਤਾ ਤੋਂ ਵਸੂਲਿਆ ਜਾ ਰਹਾ ਹੈ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਤੁਰੰਤ ਇਸ ਜਨ-ਵਿਰੋਧੀ ਫੈਸਲੇ ਨੂੰ ਵਾਪਸ ਲਵੇ, ਨਹੀਂ ਤਾਂ ਆਮ ਜਨਤਾ ਦੇ ਹੱਕਾਂ ਦੀ ਇਸ ਲੜਾਈ ਨੂੰ ਪੰਜਾਬ ਦੇ ਹਰ ਕੋਨੇ ਤੋਂ ਲੈ ਕੇ ਦਿੱਲੀ ਤੱਕ ਹੋਰ ਉਗਰ ਰੂਪ ‘ਚ ਲੜਿਆ ਜਾਵੇਗਾ।

ਉੱਥੇ ਹੀ ਪ੍ਰਦਰਸ਼ਨ ਦੌਰਾਨ ‘ਆਪ’ ਵਰਕਰਾਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇੱਕਜੁੱਟ ਹੋ ਕੇ ਭਾਜਪਾ ਸਰਕਾਰ ਖਿਲਾਫ਼ ਰੋਸ ਮਾਰਚ ਅਤੇ ਧਰਨਾ ਦੇ ਰਹੇ ਹਨ। ਦੇਸ਼ ਦੀ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਦੁਖੀ ਹੈ। ਅਜਿਹੇ ਸਮੇਂ ‘ਚ ਮੋਦੀ ਸਰਕਾਰ ਨੇ ਯੂਪੀਆਈ ਟੈਕਸ ਦੇ ਨਾਂ ‘ਤੇ ਲੋਕਾਂ ‘ਤੇ ਇੱਕ ਹੋਰ ਭਾਰੀ ਆਰਥਿਕ ਬੋਝ ਪਾ ਦਿੱਤਾ ਹੈ।

ਦੂਜੇ ਪਾਸੇ, ਭਾਜਪਾ ਵੱਲੋਂ ਨਸ਼ੇ ਨੂੰ ਲੈ ਕੇ ਕੱਢੀ ਗਈ ਰੈਲੀ ਨੂੰ ਵੀ ‘ਆਪ’ ਵਰਕਰਾਂ ਨੇ ਪੂਰੀ ਤਰ੍ਹਾਂ ਅਸਫ਼ਲ ਕਰਾਰ ਦਿੱਤਾ। ਵਰਕਰਾਂ ਨੇ ਕਿਹਾ ਕਿ ਭਾਜਪਾ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ, ਜਦੋਂ ਕਿ ਅੱਜ ਦਾ ਨੌਜਵਾਨ ਵਰਗ ਅਤੇ ਆਮ ਜਨਤਾ ਵੱਡੇ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਵਰਕਰਾਂ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪੰਜਾਬ ‘ਚ ਨਸ਼ਾ ਲਿਆਉਣ ਲਈ ਪਿਛਲੀਆਂ ਅਕਾਲੀ-ਭਾਜਪਾ ਸਰਕਾਰਾਂ ਹੀ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਦੀ ਵਜ੍ਹਾ ਕਰਕੇ ਹੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ। ਇਸ ਦੇ ਉਲਟ, ‘ਆਪ’ ਸਰਕਾਰ ਨੇ ਸੂਬੇ ‘ਚੋਂ ਨਸ਼ੇ ਨੂੰ ਖਤਮ ਕਰਨ ਲਈ ਸਖ਼ਤ ਕਦਮ ਚੁੱਕੇ ਹਨ। ਅੱਜ ਜਿਸ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅੱਡਿਆਂ ਨੂੰ ਢਹਿ-ਢੇਰੀ ਕੀਤਾ ਗਿਆ ਹੈ, ਉਸ ਨੂੰ ਪੂਰਾ ਪੰਜਾਬ ਅਤੇ ਪੂਰੀ ਦੁਨੀਆ ਚੰਗੀ ਤਰ੍ਹਾਂ ਦੇਖ ਰਹੀ ਹੈ।

Share This Article
Leave a comment

Leave a Reply

Your email address will not be published. Required fields are marked *