ਪੰਜਾਬ ਨੇ ਟੈਕਸ ਚੋਰਾਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ: ਤਾਜ਼ਾ ਕਾਰਵਾਈ ਵਿੱਚ 4.5 ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਜ਼ਬਤ: ਹਰਪਾਲ ਸਿੰਘ ਚੀਮਾ

Jiya Nagpal
4 Min Read
ਚੰਡੀਗੜ੍ਹ, 21 ਸਤੰਬਰ 2026 ਟੈਕਸ ਚੋਰਾਂ ‘ਤੇ ਸ਼ਿਕੰਜਾ ਕੱਸਦਿਆਂ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ ਇਕ ਵਾਰ ਫਿਰ ਸਖ਼ਤ ਕਾਰਵਾਈ ਕਰਦਿਆਂ 4.5 ਕਰੋੜ ਰੁਪਏ ਦੇ ਵੱਡੇ ਮੁੱਲ ਵਾਲੇ ਸਾਮਾਨ ਨਾਲ ਲੱਦੇ 152 ਵਾਹਨਾਂ ਨੂੰ ਕਾਬੂ ਕੀਤਾ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬੇ ਭਰ ਵਿੱਚ ਕੀਤੀ ਗਈ ਇਸ ਵਿਆਪਕ ਛਾਪੇਮਾਰੀ ਦੌਰਾਨ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਦੇ ਵਿਅਸਤ ਉਦਯੋਗਿਕ ਮਾਰਗਾਂ ‘ਤੇ ਬਾਜ਼ ਨਜ਼ਰ ਰੱਖੀ ਗਈ, ਜੋ ਮਾਲੀਏ ਦੇ ਨੁਕਸਾਨ ਪ੍ਰਤੀ ਸਖ਼ਤ ਅਤੇ ਜ਼ੀਰੋ-ਟੋਲਰੈਂਸ ਪਹੁੰਚ ਦਾ ਸੰਕੇਤ ਦਿੰਦੀ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਇੱਥੇ ਹੀ ਨਹੀਂ ਰੁਕ ਰਹੀ ਅਤੇ ਇਹ ਤਾਜ਼ਾ ਕਾਰਵਾਈ ਪਿਛਲੇ ਹਫ਼ਤੇ ਦੀ ਉਸ ਵੱਡੀ ਮੁਹਿੰਮ ਤੋਂ ਤੁਰੰਤ ਬਾਅਦ ਕੀਤੀ ਗਈ ਹੈ ਜਿਸ ਵਿੱਚ ਜੀ.ਐਸ.ਟੀ. ਨਿਯਮਾਂ ਦੀ ਉਲੰਘਣਾ ਕਰਨ ਵਾਲੇ 170 ਵਪਾਰਕ ਵਾਹਨਾਂ ਨੂੰ ਰੋਕਿਆ ਗਿਆ ਸੀ। ਪਿਛਲੀ ਮੁਹਿੰਮ ‘ਤੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ, “ਵਿਭਾਗ ਪਹਿਲਾਂ ਹੀ ਚੋਰੀ ਫੜਨ ਤੋਂ ਲੈ ਕੇ ਕਾਰਵਾਈ ਕਰਨ ਤੱਕ ਤੇਜ਼ੀ ਨਾਲ ਅੱਗੇ ਵਧਿਆ ਹੈ। ਇਨ੍ਹਾਂ ਵਿੱਚੋਂ 91 ਵਾਹਨਾਂ ਦੀ ਬਾਰੀਕੀ ਨਾਲ ਪੜਤਾਲ ਮੁਕੰਮਲ ਹੋਣ ਦੇ ਨਾਲ, ਸਰਕਾਰੀ ਖਜ਼ਾਨੇ ਨੇ 3.25 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਸਫਲਤਾਪੂਰਵਕ ਵਸੂਲ ਲਿਆ ਹੈ। ਬਾਕੀ ਮਾਮਲੇ ਫਿਲਹਾਲ ਬਾਰੀਕੀ ਨਾਲ ਵਿਚਾਰੇ ਜਾ ਰਹੇ ਹਨ ਅਤੇ ਕਾਨੂੰਨੀ ਤੌਰ ‘ਤੇ ਤਰਕਪੂਰਨ ਸਿੱਟੇ ਵੱਲ ਤੇਜ਼ੀ ਨਾਲ ਵੱਧ ਰਹੇ ਹਨ।” ਵਿੱਤ ਮੰਤਰੀ ਚੀਮਾ ਨੇ ਕਿਹਾ, “3.25 ਕਰੋੜ ਰੁਪਏ ਦੀ ਇਹ ਤੇਜ਼ ਵਸੂਲੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਸਾਡੀਆਂ ਇਨਫੋਰਸਮੈਂਟ ਟੀਮਾਂ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ ਅਤੇ ਆਪਣੀਆਂ ਮੁਹਿੰਮਾਂ ਨੂੰ ਠੋਸ ਕਾਰਵਾਈਆਂ ਨਾਲ ਨੇਪਰੇ ਚਾੜ੍ਹ ਰਹੀਆਂ ਹਨ।”  ਉਨ੍ਹਾ ਅੱਗੇ ਕਿਹਾ ਕਿ ਵਿਭਾਗ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਕਿ ਸਾਮਾਨ ਦੀ ਢੋਆ-ਢੁਆਈ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੋਵੇ। ਤਾਜ਼ਾ ਕਾਰਵਾਈ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “ਨਵੇਂ ਜ਼ਬਤ ਕੀਤੇ ਗਏ 152 ਵਾਹਨਾਂ ਦੇ ਕਾਫਲੇ ਵਿੱਚ ਮੁੱਖ ਤੌਰ ‘ਤੇ ਲੋਹੇ ਦਾ ਸਕਰੈਪ ਅਤੇ ਤਿਆਰ ਸਟੀਲ ਦਾ ਸਾਮਾਨ ਢੋਇਆ ਜਾ ਰਿਹਾ ਸੀ। ਟੈਕਸ ਅਧਿਕਾਰੀ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਨੂੰ ਫੜਨ ਲਈ ਇਨਵੌਇਸ, ਈ-ਵੇਅ ਬਿੱਲ ਅਤੇ ਟਰਾਂਜ਼ਿਟ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਜਿੱਥੇ ਕਿਤੇ ਵੀ ਬੇਨਿਯਮੀਆਂ ਜਾਂ ਜਾਣਬੁੱਝ ਕੇ ਕੀਤੀਆਂ ਉਲੰਘਣਾਵਾਂ ਸਾਹਮਣੇ ਆਉਣਗੀਆਂ, ਉੱਥੇ ਦੋਸ਼ੀਆਂ ‘ਤੇ ਬਿਨਾਂ ਕਿਸੇ ਦੇਰੀ ਦੇ ਬਣਦੇ ਟੈਕਸ ਅਤੇ ਭਾਰੀ ਜੁਰਮਾਨੇ ਲਗਾਏ ਜਾਣਗੇ।” ਵਿੱਤ ਮੰਤਰੀ ਚੀਮਾ ਨੇ ਕਿਹਾ, “ਪੰਜਾਬ ਭਰ ਦੇ ਹੋਰ ਉੱਚ-ਜੋਖਮ ਵਾਲੇ ਰਸਤਿਆਂ ਦੇ ਨਾਲ-ਨਾਲ ਮੰਡੀ ਗੋਬਿੰਦਗੜ੍ਹ ਅਤੇ ਖੰਨਾ ‘ਤੇ ਧਿਆਨ ਕੇਂਦਰਿਤ ਕਰਕੇ, ਸਰਕਾਰ ਦਾ ਉਦੇਸ਼ ਮਾਲੀਏ ਦੇ ਨੁਕਸਾਨ ਨੂੰ ਮੁੱਢੋਂ ਰੋਕਣਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਵਾਰ ਦੀ ਕਾਰਵਾਈ ਨਹੀਂ ਹੈ; ਸਗੋਂ ਇਹ ਇੱਕ ਨਿਰੰਤਰ ਅਤੇ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਅੰਤਿਮ ਟੀਚਾ ਸਵੈ-ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਇਮਾਨਦਾਰ ਟੈਕਸਦਾਤਾਵਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਨਿਯਮਾਂ ਅਨੁਸਾਰ ਚੱਲਣ ਵਾਲੇ ਕਾਰੋਬਾਰਾਂ ਲਈ ਸਹੀ ਮਾਅਨਿਆਂ ਵਿੱਚ ਇੱਕ ਸਮਾਨ ਮਾਹੌਲ ਯਕੀਨੀ ਬਣਾਉਣਾ ਹੈ। ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਦੁਹਰਾਇਆ ਕਿ ਸੂਬੇ ਦੇ ਬਣਦੇ ਹੱਕ ਦਾ ਇੱਕ-ਇੱਕ ਰੁਪਇਆ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਲਈ ਅਹਿਮ ਹੈ। ਉਨ੍ਹਾਂ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ, “ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰਨ ਵਾਲੇ ਹਰ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ ਅਤੇ ਉਸ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।”
Share This Article
Leave a comment

Leave a Reply

Your email address will not be published. Required fields are marked *