ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜਲੰਧਰ ’ਚ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਦੱਸਿਆ ’ਬੇਮਿਸਾਲ’ ; ਕਿਹਾ – ਆਪਣੇ ਘਰ ’ਚ ਖੇਡਣਾ ਰਿਹਾ ਬਹੁਤ ਉਤਸ਼ਾਹਜਨਕ

Jiya Nagpal
4 Min Read

ਜਲੰਧਰ, 1 ਨਵੰਬਰ:

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਆਪਣੇ ਘਰ ਨੇੜੇ, ਪਰਿਵਾਰ ਦੇ ਸਾਹਮਣੇ ਅਤੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿੱਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਅਤੇ ਭਾਵੁਕ ਤਜਰਬਾ ਹੈ।

ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ ’ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੌਰਾਨ, ’ਸਰਪੰਚ’  ਵਜੋਂ ਜਾਣੇ ਜਾਂਦੇ ਹਰਮਨਪ੍ਰੀਤ ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, ‘‘ ਦਰਸ਼ਕਾਂ ਨਾਲ ਭਰੇ ਹੋਏ ਸਟੇਡੀਅਮ ਵਿੱਚ ਮੌਜੂਦ ਲੋਕਾਂ ਦਾ ਜੋਸ਼ ਬੇਮਿਸਾਲ ਹੈ। ਇਸ ਨਾਲ ਟੀਮ ਦਾ ਮਨੋਬਲ ਹੋਰ ਵਧਦਾ ਹੈ। ਮੈਂ ਹਾਕੀ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਅਤੇ ਉਸੇ ਮੈਦਾਨ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਬਹੁਤ ਵੱਡੀ ਗੱਲ ਹੈ। ਆਲੇ-ਦੁਆਲੇ ਬੈਠੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਇਸ ਅਨੁਭਵ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ।’’

ਟੀਮ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ, ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਦੋ ਵਾਰ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਬਹੁਤ ਵਧੀਆ ਢੰਗ ਨਾਲ ਤਿਆਰ ਹੋ ਰਹੀ ਹੈ। ਜਾਪਾਨ ਵਿਰੁੱਧ ਸਖ਼ਤ ਮੁਕਾਬਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੈਚ ਬਹੁਤ ਅਹਿਮ ਹੁੰਦੇ ਹਨ ਅਤੇ ਇਹ ਟੀਮ ਦੇ ਸਬਰ ਦਾ ਇਮਤਿਹਾਨ ਲੈਂਦੇ ਹਨ।  ਉਨ੍ਹਾਂ ਅੱਗੇ ਕਿਹਾ, ‘‘ਅਸੀਂ ਪਹਿਲੇ ਤਿੰਨ ਕੁਆਰਟਰਾਂ ਦੌਰਾਨ ਸ਼ਾਂਤੀ ਅਤੇ ਸੰਤੁਲਿਤ ਖੇਡ ਦਿਖਾਈ। ਅਸੀਂ ਕੋਈ ਗੋਲ ਤਾਂ ਨਹੀਂ ਕੀਤਾ, ਪਰ ਕੋਈ ਗੋਲ ਖਾਧਾ ਵੀ ਨਹੀਂ। ਆਖਰੀ ਕੁਆਰਟਰ ਵਿੱਚ ਅਸੀਂ ਖੇਡ ਦੀ ਰਫ਼ਤਾਰ ਵਧਾ ਦਿੱਤੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮਾਨਸਿਕ ਤੌਰ ’ਤੇ ਮਜ਼ਬੂਤ ਰਿਹਾ ਜਾਵੇ ਅਤੇ ਮੈਚ ਦੇ 60 ਮਿੰਟਾਂ ਦੌਰਾਨ ਧਿਆਨ ਪੂਰਾ ਕੇਂਦਰਿਤ ਰੱਖਿਆ ਜਾਵੇ।’’

ਮਲੇਸ਼ੀਆ ਵਿਰੁੱਧ ਹੋਣ ਵਾਲੇ ਅਹਿਮ ਮੈਚ ਦਾ ਜ਼ਿਕਰ ਕਰਦਿਆਂ, ਹਾਂਗਜ਼ੂ ਅਤੇ ਆਈਚੀ ਨਾਗੋਯਾ ਏਸ਼ੀਆਈ ਖੇਡਾਂ ਵਿੱਚ ਦੋ ਵਾਰ ਸੋਨ ਤਮਗਾ ਜਿੱਤਣ ਵਾਲੇ ਹਰਮਨਪ੍ਰੀਤ ਨੇ ਕਿਹਾ ਕਿ ਇਹ ਮੈਚ ਤੈਅ ਕਰੇਗਾ ਕਿ ਪੂਲ ਵਿੱਚ ਸਿਖ਼ਰ ’ਤੇ ਕੌਣ ਟਿਕਦਾ ਹੈ ਕਿਉਂਕਿ ਦੋਵੇਂ ਟੀਮਾਂ ਤਿੰਨ-ਤਿੰਨ ਮੈਚ ਜਿੱਤ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ,‘‘ਹਰ ਟੀਮ ਚੰਗੀ ਹੈ। ਉਨ੍ਹਾਂ ਨੇ ਆਪਣੀਆਂ ਰਣਨੀਤੀਆਂ ਵਿੱਚ ਬਹੁਤਾ ਬਦਲਾਅ ਨਹੀਂ ਕੀਤਾ ਹੈ। ਸਾਡਾ ਧਿਆਨ ਇਸ ਗੱਲ ’ਤੇ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਹਾਸਲ ਕਰਨ ਦੇ ਸਮਰੱਥ ਹਾਂ। ਆਪਣੇ ਵਿਰੋਧੀ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਤੁਸੀਂ ਉਨ੍ਹਾਂ (ਮਲੇਸ਼ੀਆ) ਵਿਰੁੱਧ ਖੇਡੇ ਗਏ ਪਿਛਲੇ 10 ਮੈਚਾਂ ਵਿੱਚੋਂ ਹਰੇਕ ਤੋਂ ਕੁਝ ਨਾ ਕੁਝ ਸਿੱਖਦੇ ਹੋ।’’

ਕਪਤਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਦਰਸ਼ਕਾਂ ਨਾਲ ਭਰੇ ਸਟੇਡੀਅਮ ਅਤੇ ਬਾਹਰ ਉਡੀਕ ਕਰ ਰਹੇ ਅਨੇਕਾਂ ਲੋਕਾਂ ਦੀਆਂ ਵੀਡੀਓ ਭੇਜ ਰਹੇ ਹਨ, ਜੋ ਪੰਜਾਬੀਆਂ ਦੇ ਹਾਕੀ ਪ੍ਰਤੀ ਪਿਆਰ ਦਾ ਸਪੱਸ਼ਟ ਸਬੂਤ ਹੈ।

ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾ ਨਿਭਾ ਰਹੇ ਹਰਮਨਪ੍ਰੀਤ ਨੇ ਪ੍ਰਸ਼ੰਸਕਾਂ ਨੂੰ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਆਉਣ ਅਤੇ ਰਾਸ਼ਟਰੀ ਟੀਮ ਦਾ ਹੌਸਲਾ ਵਧਾਉਣ। ਪੰਜਾਬੀ ਵਿੱਚ ਦਿੱਤੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਘਰੇਲੂ ਮੈਦਾਨ ’ਤੇ ਟੀਮ ਦਾ ਉਤਸ਼ਾਹ ਵਧਾਉਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਵੀ ਖੇਡਾਂ ਵੱਲ ਆਉਣ ਲਈ ਪ੍ਰੇਰਣਾ ਮਿਲੇਗੀ।
——

Share This Article
Leave a comment

Leave a Reply

Your email address will not be published. Required fields are marked *