ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪੀ.ਬੀ.ਜੀ. ਵੈਲਫੇਅਰ ਕਲੱਬ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ

Jiya Nagpal
2 Min Read

ਕੋਟਕਪੂਰਾ, 6 ਜੁਲਾਈ- ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਕਰਵਾਏ ਗਏ ‘ਮੇਲਾ ਖੂਨਦਾਨੀਆਂ ਦਾ’ ਵਿਸ਼ਾਲ ਖੂਨਦਾਨ ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ 1875 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਮਨੁੱਖੀ ਸੇਵਾ ਕਾਰਜ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ‘ਤੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਇੱਕ-ਇੱਕ ਬੂੰਦ ਕਿਸੇ ਲੋੜਵੰਦ ਲਈ ਨਵੀਂ ਜ਼ਿੰਦਗੀ ਦਾ ਆਧਾਰ ਬਣ ਸਕਦੀ ਹੈ। ਉਨ੍ਹਾਂ ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

ਕਲੱਬ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਦਾਨੀ ਸੱਜਣਾਂ ਵੱਲੋਂ ਖੂਨਦਾਨੀਆਂ ਅਤੇ ਆਏ ਹੋਏ ਲੋਕਾਂ ਲਈ ਫਲ, ਨਾਸ਼ਤਾ, ਚਾਹ, ਦੁੱਧ, ਕੌਫੀ, ਛਬੀਲ ਅਤੇ ਹੋਰ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਨੇੜਲੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਸ਼ਹਿਰ ਦੇ ਕੌਂਸਲਰਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ, ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦਾ ਭਰਪੂਰ ਸਹਿਯੋਗ ਰਿਹਾ।

ਇਸ ਮੌਕੇ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ, ਪ੍ਰੋਜੈਕਟ ਇੰਚਾਰਜ ਰਵੀ ਅਰੋੜਾ, ਸ਼ਹਿਬਾਜ਼ ਸਿੰਘ ਸੰਧੂ, ਅਨੂਪ੍ਰਤਾਪ ਸਿੰਘ ਬਰਾੜ, ਬਾਬਾ ਕੁਲਵੰਤ ਸਿੰਘ ਚਾਣਕੀਆ, ਮੇਜਰ ਅਮਿਤ ਸਰੀਨ, ਡਾ. ਰਵੀ ਬਾਂਸਲ, ਡਾ. ਮਨਜੀਤ ਸਿੰਘ ਢਿੱਲੋਂ, ਪ੍ਰਧਾਨ ਮਨਜੀਤ ਨੰਗਲ, ਓਮਕਾਰ ਗੋਇਲ, ਕੁਲਵਿੰਦਰ ਵਿਰਕ, ਵਿੱਕੀ ਬਾਲੀਵੁੱਡ, ਮਨਦੀਪ ਸਿੰਘ ਮੌਂਗਾ, ਸੁਮਿਤ ਸਿੰਘ ਬਰਾੜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Share This Article
Leave a comment

Leave a Reply

Your email address will not be published. Required fields are marked *