ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ

Jiya Nagpal
3 Min Read

ਤਰਨ ਤਾਰਨ, 12 ਜੁਲਾਈ – ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਹਰੇਕ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਕਰਨ ਦੇ ਉਦੇਸ਼ ਨਾਲ ਪੰਜਾਬ ਭਰ ਵਿਚ ਐਸ.ਆਈ.ਆਰ-2026 ਤਹਿਤ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਸੇ ਲੜੀ ਤਹਿਤ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ 11 ਅਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਦੋ ਰੋਜ਼ਾ ਵਿਸ਼ੇਸ਼ ਕੈਂਪ ਲਗਾਏ ਗਏ। ਅੱਜ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਸਕੂਲਾਂ ਵਿਚ ਸਥਾਪਤ ਇਨ੍ਹਾਂ ਬੂਥਾਂ ”ਤੇ ਵੋਟਰਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ।

ਇਨ੍ਹਾਂ ਕੈਂਪਾਂ ਵਿਚ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦੇ ਨਾਲ-ਨਾਲ ਸਕੂਲਾਂ ਦੇ ਸਮੂਹ ਅਧਿਆਪਕਾਂ ਨੇ ਵੀ ਵਿਸ਼ੇਸ਼ ਡਿਊਟੀ ਨਿਭਾਈ। ਬੀ.ਐਲ.ਓ ਅਤੇ ਅਧਿਆਪਕਾਂ ਦੀ ਟੀਮ ਨੇ ਆਏ ਹੋਏ ਵੋਟਰਾਂ ਦੇ ਫਾਰਮ ਭਰਨ, ਨਾਮ ਜੁੜਵਾਉਣ, ਪਤਾ ਸੋਧਣ ਅਤੇ ਨਵੀਆਂ ਵੋਟਾਂ ਬਣਾਉਣ ਵਿਚ ਮਦਦ ਕੀਤੀ।

ਕੈਂਪਾਂ ਦੀ ਨਿਗਰਾਨੀ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ-ਕਮ-ਨੋਡਲ ਅਫ਼ਸਰ ਸਵੀਪ ਰਜਿੰਦਰ ਕੌਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬੂਥਾਂ ‘ਤੇ ਹਾਜ਼ਰ ਵੋਟਰਾਂ ਨੂੰ ਵੋਟ ਦੇ ਅਧਿਕਾਰ ਅਤੇ ਐਸ.ਆਈ.ਆਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਵਰਤਣਾ ਚਾਹੀਦਾ ਹੈ ਅਤੇ ਵੋਟਰ ਸੂਚੀ ਵਿਚ ਕਿਸੇ ਤਰ੍ਹਾਂ ਦੀ ਕੋਈ ਗ਼ਲਤੀ ਨਾ ਰਹੇ, ਇਸ ਲਈ ਇਹ ਸੁਧਾਈ ਮੁਹਿੰਮ ਬਹੁਤ ਜ਼ਰੂਰੀ ਹੈ।

ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਸਵੀਪ ਟੀਮਾਂ ਨੇ ਵੀ ਸਕੂਲਾਂ ਵਿਚ ਬਣੇ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ, ਬੈਨਰ ਅਤੇ ਨਾਅਰਿਆਂ ਰਾਹੀਂ ਪ੍ਰਚਾਰ ਕੀਤਾ। ਟੀਮਾਂ ਨੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ 18 ਸਾਲ ਦੀ ਉਮਰ ਪੂਰੀ ਹੋਣ ‘ਤੇ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ।

ਕੈਂਪਾਂ ਵਿਚ ਆਏ ਲੋਕਾਂ ਨੇ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛੁੱਟੀ ਵਾਲੇ ਦਿਨ ਸਕੂਲਾਂ ਵਿਚ ਲਗਾਏ ਗਏ ਇਹ ਕੈਂਪ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਵੋਟ ਸਬੰਧੀ ਸੇਵਾਵਾਂ ਮਿਲ ਰਹੀਆਂ ਹਨ।

ਪ੍ਰਸ਼ਾਸਨ ਨੇ ਆਸ ਪ੍ਰਗਟਾਈ ਹੈ ਕਿ ਇਸ ਮੁਹਿੰਮ ਨਾਲ ਜ਼ਿਲ੍ਹੇ ਵਿੱਚ ਵੋਟਰ ਸੂਚੀ 100 ਫ਼ੀਸਦੀ ਸ਼ੁੱਧ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿਚ ਵੱਧ ਤੋਂ ਵੱਧ ਮਤਦਾਨ ਹੋਵੇਗਾ।

Share This Article
Leave a comment

Leave a Reply

Your email address will not be published. Required fields are marked *