ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੇ ਫਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਅੱਜ ਤੋਂ ਹੀ ਬਣਾ ਲਓ ਦੂਰੀ

Jiya Nagpal
4 Min Read

WHICH FRUITS SHOULD DIABETICS AVOID: ਅੱਜ ਕੱਲ੍ਹ ਸ਼ੂਗਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਪਹਿਲਾਂ ਸ਼ੂਗਰ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਸੀ ਪਰ ਅੱਜ ਕੱਲ੍ਹ ਘੱਟ ਉਮਰ ਦੇ ਲੋਕ ਵੀ ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੈ ਪਰ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਇਸਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਮੋਟਾਪਾ ਵੀ ਇਨ੍ਹਾਂ ਵਿੱਚੋ ਇੱਕ ਹੈ। ਇਸ ਤੋਂ ਇਲਾਵਾ, ਖਰਾਬ ਜੀਵਨਸ਼ੈਲੀ, ਗਲਤ ਖਾਣ-ਪੀਣ ਅਤੇ ਸਰੀਰਕ ਕਸਰਤ ਦੀ ਕਮੀ ਵੀ ਸ਼ੂਗਰ ਨੂੰ ਵਧਾ ਸਕਦੇ ਹਨ।

ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸ਼ੂਗਰ ਦਾ ਕੋਈ ਪੱਕਾ ਇਲਾਜ ਨਹੀਂ ਹੈ। ਇਸਨੂੰ ਕੰਟਰੋਲ ਕਰਨ ਲਈ ਖਾਣ-ਪੀਣ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਮਰੀਜ਼ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸਦਾ ਪੱਧਰ ਵਧਣ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਖੰਡ ਅਤੇ ਕੁਝ ਖਾਸ ਫਲਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕਿਹੜੇ ਫਲਾਂ ਤੋਂ ਸ਼ੂਗਰ ਦੇ ਮਰੀਜ਼ਾਂ ਨੂੰ ਪਰਹੇਜ਼ ਕਰਨਾ ਚਾਹੀਦਾ?

ਅੰਬ: ਅੰਬ ਹਰ ਕੋਈ ਪਸੰਦ ਕਰਦਾ ਹੈ ਪਰ ਇਸ ਫਲ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ। ਇੱਕ ਮੱਧ ਸਾਈਜ਼ ਦੇ ਅੰਬ ਵਿੱਚ ਲਗਭਗ 45 ਗ੍ਰਾਮ ਸ਼ੂਗਰ ਹੁੰਦੀ ਹੈ। ਜੇਕਰ ਇੰਨੀ ਸ਼ੂਗਰ ਸਰੀਰ ਵਿੱਚ ਚਲੇ ਜਾਵੇ, ਤਾਂ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਹੜੇ ਲੋਕ ਪਹਿਲਾਂ ਤੋਂ ਹੀ ਹਾਈ ਬਲੱਡ ਸ਼ੂਗਰ ਜਾਂ ਸ਼ੂਗਰ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਅੰਬ ਖਾਣ ਨਾਲ ਇਸ ਬਿਮਾਰੀ ਦਾ ਖਤਰਾ ਹੋਰ ਵੱਧ ਸਕਦਾ ਹੈ।

ਅੰਗੂਰ: ਅੰਗੂਰ ਵਿਟਾਮਿਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ, ਜਿਸ ਕਾਰਨ ਇਸਨੂੰ ਸਿਹਤ ਲਈ ਵਧੀਆਂ ਮੰਨਿਆ ਜਾਂਦਾ ਹੈ। ਇਹ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ ਅਤੇ ਪਾਚਨ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਕਈ ਫਾਈਦਿਆਂ ਦੇ ਬਾਵਜੂਦ ਅੰਗੂਰ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੁੰਦਾ ਹੈ। ਇਸ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇੱਕ ਕੱਪ ਅੰਗੂਰ ਵਿੱਚ ਲਗਭਗ 23 ਗ੍ਰਾਮ ਖੰਡ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਸ਼ੂਗਰ ਦੇ ਲੱਛਣ ਹੋਰ ਵਿਗੜ ਸਕਦੇ ਹਨ।

ਕੇਲੇ: ਕੇਲੇ ਤਰੁੰਤ ਐਨਰਜੀ ਦੇਣ ਲਈ ਫਾਇਦੇਮੰਦ ਹੁੰਦੇ ਹਨ। ਸਿਰਫ਼ ਇੱਕ ਕੇਲਾ ਖਾਣ ਨਾਲ ਹੀ ਢਿੱਡ ਭਰਿਆ ਮਹਿਸੂਸ ਹੋ ਸਕਦਾ ਹੈ। ਹਾਲਾਂਕਿ, ਗਲਾਈਸੈਮਿਕ ਇੰਡੈਕਸ ਦੇ ਹਿਸਾਬ ਨਾਲ ਉਹ ਉੱਚੇ ਨੰਬਰ ‘ਤੇ ਹੈ। ਗਲਾਈਸੈਮਿਕ ਇੰਡੈਕਸ ਇਹ ਮਾਪਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਬਲੱਡਸਟ੍ਰੀਮ ਵਿੱਚ ਕਿੰਨੀ ਸ਼ੂਗਰ ਰਿਲੀਜ਼ ਹੁੰਦੀ ਹੈ। ਜਦੋ ਕੇਲਾ ਖਾਧਾ ਜਾਂਦਾ ਹੈ, ਤਾਂ ਇਹ ਪ੍ਰੋਸੈਸ ਬਹੁਤ ਤੇਜ਼ੀ ਨਾਲ ਹੁੰਦਾ ਹੈ, ਜਿਸ ਨਾਲ ਕਾਫ਼ੀ ਸ਼ੂਗਰ ਰਿਲੀਜ਼ ਹੁੰਦੀ ਹੈ। ਕੇਲੇ ਵਿੱਚ ਲਗਭਗ 14 ਗ੍ਰਾਮ ਸ਼ੂਗਰ ਹੁੰਦੀ ਹੈ ਅਤੇ ਇਸ ਫਲ ਨੂੰ ਖਾਣ ਨਾਲ ਬਲੱਡ ਗਲੂਕੋਜ ਪੱਧਰ ਵਿੱਚ ਕਾਫ਼ੀ ਵਾਧਾ ਹੁੰਦਾ ਹੈ।

ਚੈਰੀ: ਇਹ ਫਲ ਦੇਖਣ ਵਿੱਚ ਛੋਟਾ ਲੱਗ ਸਕਦਾ ਹੈ ਪਰ ਇਹ ਬਹੁਤ ਮਿੱਠਾ ਹੁੰਦਾ ਹੈ। ਇੱਕ ਕੱਪ ਚੈਰੀ ਵਿੱਚ ਕਰੀਬ 18 ਗ੍ਰਾਮ ਖੰਡ ਹੁੰਦੀ ਹੈ। ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਇਨ੍ਹਾਂ ਨੂੰ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਪੱਧਰ ਕਿੰਨਾ ਵੱਧ ਸਕਦਾ ਹੈ। ਹਾਲਾਂਕਿ, ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਇਨ੍ਹਾਂ ਨੂੰ ਘੱਟ ਮਾਤਰਾ ਵਿੱਚ ਅਤੇ ਸਾਵਧਾਨੀ ਨਾਲ ਖਾਂਦੇ ਹੋ, ਤਾਂ ਕੋਈ ਸਮੱਸਿਆ ਨਹੀਂ ਹੁੰਦੀ ਪਰ ਜ਼ਿਆਦਾ ਮਾਤਰਾ ਵਿੱਚ ਖਾਣਾ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ।

Share This Article
Leave a comment

Leave a Reply

Your email address will not be published. Required fields are marked *