ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਹਾਈਜੀਨ ਅਤੇ ਪੜ੍ਹਾਈ ਸਬੰਧੀ ਸਮੱਸਿਆਵਾਂ ਬਾਰੇ ਤਿੰਨ ਰੋਜ਼ਾ ਅਵੇਅਰਨੈੱਸ ਪ੍ਰੋਗਰਾਮ ਸ਼ੁਰੂ

Jiya Nagpal
2 Min Read
ਰੂਪਨਗਰ, 8 ਸਤੰਬਰ: ਸਟੇਟ ਬਾਲ ਭਲਾਈ ਕੌਂਸਲ ਪੰਜਾਬ, ਚੰਡੀਗੜ੍ਹ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਅਤੇ ਰੈੱਡ ਕਰਾਸ ਰੂਪਨਗਰ ਦੇ ਸਹਿਯੋਗ ਨਾਲ ਕੇਂਦਰੀ ਵਿਦਿਆਲਾ, ਪਿੰਡ ਖਾਨਪੁਰ ਵਿਖੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਅਵੇਅਰਨੈੱਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਇਸ ਤਿੰਨ ਦਿਨਾਂ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਸਫ਼ਾਈ (ਹਾਈਜੀਨ), ਪੜ੍ਹਾਈ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਵਿਦਿਆਰਥੀ ਜੀਵਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਸਬੰਧੀ ਮਾਨਸਿਕ ਵਿਗਿਆਨ ਦੇ ਮਾਹਿਰਾਂ ਵੱਲੋਂ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਮਜ਼ਬੂਤ ਮਾਨਸਿਕ ਸਿਹਤ ਬਣਾਈ ਰੱਖਣ ਅਤੇ ਰੋਜ਼ਾਨਾ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਸਬੰਧੀ ਕਾਊਂਸਲਿੰਗ ਵੀ ਕੀਤੀ ਗਈ।
ਪ੍ਰੋਗਰਾਮ ਦੇ ਪਹਿਲੇ ਦਿਨ ਸ੍ਰੀਮਤੀ ਪ੍ਰੀਤਮ ਸੰਧੂ, ਸਕੱਤਰ, ਸਟੇਟ ਬਾਲ ਭਲਾਈ ਕੌਂਸਲ ਪੰਜਾਬ, ਚੰਡੀਗੜ੍ਹ; ਸ੍ਰੀਮਤੀ ਰੇਨਰੀਟਾ ਡੈਚਲਵਾਲ, ਪ੍ਰੋ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਅਤੇ ਚੇਅਰਪਰਸਨ, ਬਾਲ ਭਲਾਈ ਕੌਂਸਲ ਰੂਪਨਗਰ; ਸ੍ਰੀਮਤੀ ਗੁਰਪ੍ਰੀਤ ਕੌਰ, ਬਾਲ ਭਲਾਈ ਅਫ਼ਸਰ ਪੰਜਾਬ; ਸ੍ਰੀ ਗੁਰਸੌਹਣ ਸਿੰਘ, ਸਕੱਤਰ ਰੈੱਡ ਕਰਾਸ; ਡਾ. ਬਿਵਾ, ਪ੍ਰਿੰਸੀਪਲ, ਕੇਂਦਰੀ ਵਿਦਿਆਲਾ; ਸ੍ਰੀ ਅਨਿਲ ਸ਼ਰਮਾ, ਸ੍ਰੀ ਬਲਜਿੰਦਰ ਸਿੰਘ, ਬਾਲ ਭਲਾਈ ਫੀਲਡ ਅਫ਼ਸਰ ਸਮੇਤ ਹੋਰ ਅਧਿਕਾਰੀ ਅਤੇ ਸਟਾਫ਼ ਹਾਜ਼ਰ ਸਨ।
ਇਸ ਮੌਕੇ ਸ੍ਰੀਮਤੀ ਰੇਨਰੀਟਾ ਡੈਚਲਵਾਲ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਸਮਾਂ-ਸਾਰਣੀ ਅਨੁਸਾਰ ਜੀਵਨ ਜਿਊਣ, ਪੌਸ਼ਟਿਕ ਆਹਾਰ ਲੈਣ, ਸਫ਼ਾਈ ਦਾ ਖ਼ਾਸ ਧਿਆਨ ਰੱਖਣ ਅਤੇ ਮਿਹਨਤ ਤੇ ਲਗਨ ਨਾਲ ਉੱਚ ਸਿੱਖਿਆ ਹਾਸਲ ਕਰਕੇ ਉੱਚੇ ਅਹੁਦਿਆਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ।
ਸ੍ਰੀਮਤੀ ਪ੍ਰੀਤਮ ਸੰਧੂ, ਸਕੱਤਰ, ਸਟੇਟ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੌਂਸਲ ਵੱਲੋਂ ਕਰਵਾਏ ਜਾ ਰਹੇ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਿਹਤਮੰਦ ਤੇ ਬਿਹਤਰ ਭਵਿੱਖ ਲਈ ਤਿਆਰ ਕਰਨਾ ਹੈ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੀਆਂ ਸਮੱਸਿਆਵਾਂ ਤੇ ਸਵਾਲ ਸਾਂਝੇ ਕੀਤੇ। ਇਹ ਅਵੇਅਰਨੈੱਸ ਪ੍ਰੋਗਰਾਮ ਅਗਲੇ ਦੋ ਦਿਨ ਵੀ ਜਾਰੀ ਰਹੇਗਾ।
Share This Article
Leave a comment

Leave a Reply

Your email address will not be published. Required fields are marked *