ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸ਼ਿੰਗਾਰਮਾ ਪੁਲ ਦਾ ਨੀਂਹ ਪੱਥਰ ਰੱਖਿਆ,

Jiya Nagpal
4 Min Read
ਚੰਡੀਗੜ੍ਹ/ਪਠਾਨਕੋਟ, 9 ਸਤੰਬਰ: ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਪਿੰਡ ਕੋਲੀਆਂ ਦੇ ਨਜ਼ਦੀਕ ਸ਼ਿੰਗਾਰਮਾ ਪੁਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਪੰਚਾਇਤੀ ਨੁਮਾਇੰਦੇ ਹਾਜ਼ਿਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਵਿੱਚ ਆ ਕੇ ਹਮੇਸ਼ਾ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਅੱਜ ਦਾ ਦਿਨ ਉਨ੍ਹਾਂ ਲਈ ਵਿਸ਼ੇਸ਼ ਹੈ, ਕਿਉਂਕਿ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਵੱਲੋਂ ਸ਼ਿੰਗਾਰਮਾ ਵਿਖੇ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ ਤਿੰਨ ਨਵੇਂ ਪੁਲਾਂ ਨੂੰ ਮਨਜ਼ੂਰੀ ਮਿਲੀ ਹੈ, ਜਿਨ੍ਹਾਂ ’ਤੇ ਕਰੀਬ 62 ਕਰੋੜ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਵਿੱਚੋਂ ਸ਼ਿੰਗਾਰਮਾ ਦੇ ਨਜ਼ਦੀਕ ਬਣਨ ਵਾਲੇ ਪੁਲ ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜਲਾਲੀਆ ਨਾਲੇ ’ਤੇ ਬਣਨ ਵਾਲੇ ਪੁਲ ਦਾ ਨਿਰਮਾਣ ਕਾਰਜ ਵੀ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਕਰਵਾਉਣ ਦੀ ਗੱਲ ਉਨ੍ਹਾਂ ਕਹੀ। ਤੀਜਾ ਪੁਲ ਘਰੋਟਾ ਦੇ ਨਜ਼ਦੀਕ ਸਾਂਭਲਾ ਵਿਖੇ ਬਣਾਇਆ ਜਾਣਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਿੰਗਾਰਮਾ ਵਿਖੇ ਬਣਨ ਵਾਲਾ ਪੁਲ ਲਗਭਗ 165 ਮੀਟਰ ਲੰਬਾ ਅਤੇ 42 ਮੀਟਰ ਚੌੜਾ ਹੋਵੇਗਾ, ਜਿਸ ਦੇ ਨਿਰਮਾਣ ’ਤੇ 17 ਕਰੋੜ 82 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਪੁਲ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸਦੇ ਕਰੀਬ 60-65 ਪਿੰਡਾਂ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਸਾਬਿਤ ਹੋਵੇਗਾ ਅਤੇ ਇਲਾਕੇ ਦੀ ਆਵਾਜਾਈ ਤੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗਾ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਰਲੇ ਇਲਾਕੇ ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਦੇ ਨਿਰਮਾਣ ਸਮੇਤ ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਲੋਕਾਂ ਦੀ ਸਿਹਤ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਇਲਾਕੇ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ ਖੋਲ੍ਹਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਤੋਂ ਸਿੱਧਾ ਕੀੜੀ ਨੂੰ ਜੋੜਨ ਵਾਲੇ ਇੱਕ ਵੱਡੇ ਪੁਲ ਦਾ ਪ੍ਰੋਜੈਕਟ ਵੀ ਪ੍ਰਕਿਰਿਆ ਅਧੀਨ ਹੈ ਅਤੇ ਇਸ ਦੇ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਲਕਾ ਭੋਆ ਨੂੰ ਬਿਹਤਰ ਕਨੈਕਟੀਵਿਟੀ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਭੋਆ ਹਲਕਾ ਹੁਣ ਕਨੈਕਟੀਵਿਟੀ ਅਤੇ ਪੁਲਾਂ ਦੇ ਵਿਕਾਸ ਪੱਖੋਂ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੇ ਨਕਸ਼ੇ ’ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵੱਲ ਵਧ ਰਿਹਾ ਹੈ। ਉਨ੍ਹਾਂ ਸ਼ਿੰਗਾਰਮਾ ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ’ਤੇ ਸਮੂਹ ਹਲਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਲਈ ਲਾਹੇਵੰਦ ਰਹੇਗਾ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਸਰਪੰਚ ਬਮਿਆਲ ਮਨੀਸ਼ ਗੁਪਤਾ, ਸਰਪੰਚ ਕੋਲੀਆਂ ਰਾਜੂ, ਸਰਪੰਚ ਕੋਟ ਭੱਟੀਆਂ ਰਾਜੇਸ਼ ਠਾਕੁਰ, ਸਰਪੰਚ ਢੀਡਾ ਰਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮਦਨ ਕੁਮਾਰ, ਰਾਜ ਕੁਮਾਰ, ਬਿਸ਼ਨ ਦਾਸ, ਯਸ਼ਪਾਲ ਵਰਮਾ, ਸਰਪੰਚ ਕੋਟਲੀ ਵਿਪਨ ਕੁਮਾਰ, ਸਰਪੰਚ ਕਿਲਪੁਰ ਬੋਧਰਾਜ, ਸੰਮਤੀ ਮੈਂਬਰ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਸੰਦੀਪ ਮਹਾਜਨ, ਕੌਂਸਲਰ ਕਰਮ ਚੰਦ, ਸਰਕਲ ਪ੍ਰਧਾਨ ਯਸ਼ਪਾਲ ਦਤਿਆਲ, ਸਰਪੰਚ ਮਾਖਣਪੁਰ ਮੰਗਾ ਰਾਮ, ਬਲਾਕ ਸੰਮਤੀ ਮੈਂਬਰ ਲਲਿਤਾ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਿਰ ਸਨ।
Share This Article
Leave a comment

Leave a Reply

Your email address will not be published. Required fields are marked *