ਬਲਾਕ ਪੱਧਰੀ ਮੁਕਾਬਲਿਆਂ ‘ਚ ਖਿਡਾਰੀਆਂ ਨੇ ਦਿਖਾਏ ਖੇਡ ਪ੍ਰਤਿਭਾ ਦੇ ਜੌਹਰ

Jiya Nagpal
3 Min Read

ਸੰਗਰੂਰ, 10 ਸਤੰਬਰ: ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸੰਗਰੂਰ, ਧੂਰੀ ਅਤੇ ਸ਼ੇਰਪੁਰ ਦੇ ਬਲਾਕ ਪੱਧਰੀ ਟੂਰਨਾਮੈਂਟ ਮੁਕੰਮਲ ਹੋ ਚੁੱਕੇ ਹਨ, ਜਦਕਿ ਅੱਜ 10 ਸਤੰਬਰ ਨੂੰ ਬਲਾਕ ਦਿੜ੍ਹਬਾ, ਲਹਿਰਾ ਅਤੇ ਅਨਦਾਣਾ ਵਿਖੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਸਾਲ ਅਤੇ 51 ਤੋਂ 60 ਸਾਲ ਦੇ ਉਮਰ ਵਰਗਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਹਲਕਾ ਲਹਿਰਾ ਦੇ ਸਰਕਾਰੀ ਹਾਈ ਸਕੂਲ ਭਾਈ ਕੀ ਪਿਸ਼ੋਰ ਵਿਖੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦੇ ਧਰਮਪਤਨੀ ਸ੍ਰੀਮਤੀ ਸੀਮਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।

ਇਸੇ ਤਰ੍ਹਾਂ ਹਲਕਾ ਦਿੜ੍ਹਬਾ ਦੇ ਸ਼ਹੀਦ ਚਤਵੰਤ ਸਿੰਘ ਖੇਡ ਸਟੇਡੀਅਮ, ਕੌਹਰੀਆਂ ਵਿਖੇ ਬਲਾਕ ਪੱਧਰੀ ਖੇਡਾਂ ਦੀ ਓਪਨਿੰਗ ਮੌਕੇ ਸ੍ਰੀ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸੰਗਰੂਰ, ਸ੍ਰੀਮਤੀ ਜਸਵੀਰ ਕੌਰ ਸ਼ੇਰਗਿੱਲ, ਚੇਅਰਪਰਸਨ ਮਾਰਕਿਟ ਕਮੇਟੀ ਦਿੜ੍ਹਬਾ ਅਤੇ ਸ੍ਰੀ ਹਰਵਿੰਦਰ ਸਿੰਘ ਛਾਜਲੀ, ਚੇਅਰਮੈਨ ਮਾਰਕਿਟ ਕਮੇਟੀ ਸੂਲਰ ਘਰਾਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।

ਅੱਜ ਦੇ ਮੁਕਾਬਲਿਆਂ ਦੇ ਨਤੀਜੇ

ਬਲਾਕ ਦਿੜ੍ਹਬਾ: ਐਥਲੈਟਿਕਸ ਅੰਡਰ-14 ਲੜਕਿਆਂ ਦੇ 600 ਮੀਟਰ ਮੁਕਾਬਲੇ ਵਿੱਚ ਸਮਰ ਸਿੰਘ ਨੇ ਪਹਿਲਾ, ਗੁਰਸਾਹਿਬ ਸਿੰਘ ਨੇ ਦੂਸਰਾ ਅਤੇ ਸਰਦਾਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-14 ਲੜਕੀਆਂ ਵਿੱਚ ਕੌਹਰੀਆਂ ਕਿੰਗ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਾਂ (ਏ) ਨੇ ਦੂਸਰਾ ਅਤੇ ਸਸਸਸ ਗੁੱਜਰਾਂ (ਬੀ) ਨੇ ਤੀਸਰਾ ਸਥਾਨ ਹਾਸਲ ਕੀਤਾ।

ਬਲਾਕ ਲਹਿਰਾ: ਐਥਲੈਟਿਕਸ ਅੰਡਰ-14 ਲੜਕਿਆਂ ਦੀ ਲੰਬੀ ਛਾਲ ਵਿੱਚ ਜਸਕਰਨ ਸਿੰਘ ਨੇ 4.00 ਮੀਟਰ ਦੀ ਛਾਲ ਨਾਲ ਪਹਿਲਾ, ਮਨਿੰਦਰ ਸਿੰਘ ਨੇ 3.77 ਮੀਟਰ ਨਾਲ ਦੂਸਰਾ ਅਤੇ ਪ੍ਰਦੀਪ ਸਿੰਘ ਨੇ 3.71 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ 1500 ਮੀਟਰ ਮੁਕਾਬਲੇ ਵਿੱਚ ਵੀਰਾਂ ਕੌਰ ਨੇ ਪਹਿਲਾ ਅਤੇ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੀਆਂ ਵਿੱਚ ਸ਼ਹੀਦ ਬਾਬਾ ਹਿੰਮਤ ਸਿੰਘ ਵੈਲਫੇਅਰ ਕਲੱਬ ਸੰਗਤਪੁਰਾ ਨੇ ਪਹਿਲਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਬਖੋਰਾ ਖੁਰਦ ਨੇ ਦੂਸਰਾ ਸਥਾਨ ਹਾਸਲ ਕੀਤਾ।

ਬਲਾਕ ਅਨਦਾਣਾ: ਖੋ-ਖੋ ਅੰਡਰ-14 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ (ਏ) ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ (ਬੀ) ਨੇ ਦੂਸਰਾ ਅਤੇ ਕੈਂਬਰਿਜ ਗਲੋਬਲ ਸਕੂਲ ਬੁਸ਼ਿਹਰਾ ਨੇ ਤੀਸਰਾ ਸਥਾਨ ਹਾਸਲ ਕੀਤਾ।

Share This Article
Leave a comment

Leave a Reply

Your email address will not be published. Required fields are marked *