ਬਾਬਾ ਬੁੱਲੇ ਸ਼ਾਹ ਦੀ ਸੋਚ ਅੱਜ ਵੀ ਸਮਾਜ ਨੂੰ ਪਿਆਰ, ਸਾਂਝ ਤੇ ਭਾਈਚਾਰੇ ਦਾ ਰਾਹ ਦਿਖਾਉਂਦੀ ਹੈ: ਜਗਦੀਪ ਕੰਬੋਜ ਗੋਲਡੀ

Jiya Nagpal
4 Min Read
ਜਲਾਲਾਬਾਦ 12 ਸਤੰਬਰ- ਬਾਬਾ ਬੁੱਲੇ ਸ਼ਾਹ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 57ਵੇਂ ਸੱਭਿਆਚਾਰਕ ਯਾਦਗਾਰੀ ਜੋੜ ਮੇਲੇ ਵਿੱਚ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਸ਼ਿਰਕਤ ਕਰਦਿਆਂ ਬਾਬਾ ਬੁੱਲੇ ਸ਼ਾਹ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਹਲਕਾ ਜਲਾਲਾਬਾਦ ਦੀ ਚੜ੍ਹਦੀ ਕਲਾ, ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਅਰਦਾਸ ਕੀਤੀ। ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਬਾਬਾ ਬੁੱਲੇ ਸ਼ਾਹ ਜੀ ਸਿਰਫ਼ ਪੰਜਾਬ ਦੀ ਸੂਫ਼ੀ ਵਿਰਾਸਤ ਦੇ ਮਹਾਨ ਸ਼ਾਇਰ ਹੀ ਨਹੀਂ ਸਨ, ਸਗੋਂ ਉਨ੍ਹਾਂ ਦੀ ਬਾਣੀ ਅਤੇ ਵਿਚਾਰਧਾਰਾ ਸਮੁੱਚੀ ਮਾਨਵਤਾ ਨੂੰ ਪਿਆਰ, ਸਾਂਝੀਵਾਲਤਾ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਸਮਾਜ ਨੂੰ ਵੰਡਣ ਵਾਲੀਆਂ ਸੋਚਾਂ ਤੋਂ ਦੂਰ ਰਹਿਣ ਦੀ ਲੋੜ ਹੈ, ਬਾਬਾ ਬੁੱਲੇ ਸ਼ਾਹ ਜੀ ਦੀ ਵਿਚਾਰਧਾਰਾ ਸਾਨੂੰ ਇਕ-ਦੂਜੇ ਨੂੰ ਜੋੜਨ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੂਫ਼ੀ ਸੰਤਾਂ, ਗੁਰੂ ਸਾਹਿਬਾਨ ਅਤੇ ਪੀਰਾਂ-ਫ਼ਕੀਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਿਆ। ਅਜਿਹੇ ਸੱਭਿਆਚਾਰਕ ਮੇਲੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵਿਧਾਇਕ ਨੇ ਮੇਲੇ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਉਨ੍ਹਾਂ ਲਈ ਹਮੇਸ਼ਾ ਮਹੱਤਵਪੂਰਨ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸੁਣ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਵਿਧਾਇਕ ਨੇ ਮੇਲੇ ਦੇ ਸੁਚੱਜੇ ਪ੍ਰਬੰਧਾਂ ਲਈ ਮੇਲਾ ਪ੍ਰਬੰਧਕ ਕਮੇਟੀ ਅਤੇ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਮੂਹ ਵਾਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਇਸ ਮੇਲੇ ਨੂੰ ਪੂਰੀ ਸ਼ਰਧਾ, ਮਿਹਨਤ ਅਤੇ ਸਾਂਝੀਵਾਲਤਾ  ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜੋ ਸਾਡੇ ਸੱਭਿਆਚਾਰਕ ਵਿਰਸੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਗ੍ਰਾਮ ਪੰਚਾਇਤ ਪਿੰਡ ਕੰਧਵਾਲਾ ਹਾਜ਼ਰ ਖਾਂ  ਦੇ ਵਿਕਾਸ ਕਾਰਜਾਂ ਦੇ ਕੰਮਾਂ ਦੇ ਲਈ ਹੁਣ ਤੱਕ ਲਗਭਗ 5 ਕਰੋੜ 35 ਲੱਖ ਦੇ ਕਰੀਬ ਖਰਚ ਕੀਤੇ ਜਾ ਚੁੱਕੇ ਹਨ| ਉਨ੍ਹਾਂ ਮੇਲਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਣ-ਸਨਮਾਨ ਲਈ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲਦਾ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਕਿਸੇ ਵੀ ਸਨਮਾਨ ਨਾਲੋਂ ਵੱਡਾ ਹੈ।  ਇਸ ਮੌਕੇ ਵਿਧਾਇਕ ਵੱਲੋਂ ਮੇਲੇ ਦੇ ਪ੍ਰਬੰਧਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ 31,000 ਰੁਪਏ ਵੀ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਲੋਕ ਮੇਲਿਆਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਅਜਿਹੇ ਮੇਲੇ ਸਿਰਫ਼ ਮਨੋਰੰਜਨ ਦੇ ਮੌਕੇ ਨਹੀਂ ਹੁੰਦੇ, ਸਗੋਂ ਇਹ ਸਾਡੀ ਸਾਂਝੀ ਵਿਰਾਸਤ, ਸੱਭਿਆਚਾਰ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦੇ ਮੰਚ ਹਨ। ਉਨ੍ਹਾਂ ਕਿਹਾ ਕਿ ਬਾਬਾ ਬੁੱਲੇ ਸ਼ਾਹ ਜੀ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। “ਬਾਬਾ ਬੁੱਲੇ ਸ਼ਾਹ ਜੀ ਦੀ ਪਵਿੱਤਰ ਸੋਚ ਦਾ ਚਾਨਣ ਹਰ ਦਿਲ ਤੱਕ ਪਹੁੰਚੇ, ਜਲਾਲਾਬਾਦ ਦੀ ਧਰਤੀ ’ਤੇ ਪਿਆਰ ਤੇ ਭਾਈਚਾਰਾ ਹੋਰ ਮਜ਼ਬੂਤ ਹੋਵੇ ਅਤੇ ਸਾਡਾ ਹਲਕਾ ਹਰ ਪੱਖੋਂ ਖੁਸ਼ਹਾਲ ਹੋ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ—ਇਹੀ ਮੇਰੀ ਦਿਲੋਂ ਅਰਦਾਸ ਹੈ।”
Share This Article
Leave a comment

Leave a Reply

Your email address will not be published. Required fields are marked *