PRTC ਮੁਲਾਜ਼ਮਾਂ ਦੀ ਹੜਤਾਲ ’ਤੇ ਵਿੱਤ ਮੰਤਰੀ ਦਾ ਬਿਆਨ, ਬੋਲੇ- ਮੰਗਾਂ ’ਤੇ ਬਣੀ ਸਹਿਮਤੀ, ਜਲਦ ਜਾਰੀ ਹੋਵੇਗਾ ਲਿਖਤੀ ਪੱਤਰ

Jiya Nagpal
4 Min Read

ਪਟਿਆਲਾ: PRTC, ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੇ ਚੌਥੇ ਦਿਨ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਸਥਿਤ PRTC ਮੁੱਖ ਦਫ਼ਤਰ ਪਹੁੰਚੇ। ਇੱਥੇ ਉਨ੍ਹਾਂ ਨੇ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਹੜਤਾਲ ਕਾਰਨ ਪੰਜਾਬ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਵਿਭਾਗ ਵਿਚਕਾਰ ਸਹਿਮਤੀ ਬਣ ਗਈ ਹੈ।” ਉਨ੍ਹਾਂ ਭਰੋਸਾ ਦਿੱਤਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਲਦ ਹੀ ਲਿਖਤੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਮੰਤਰੀ ਮੁਤਾਬਿਕ, ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਹੁਣ ਤੱਕ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ

ਦੂਜੇ ਪਾਸੇ, ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਹੁਣ ਤੱਕ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਮੰਗਾਂ ਮੰਨਣ ਦੇ ਬਾਵਜੂਦ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਮੁਲਾਜ਼ਮਾਂ ਨੇ ਧਰਨੇ ਦੌਰਾਨ ਕੁਝ ਮੁਲਾਜ਼ਮਾਂ ਵਿਰੁੱਧ ਕਥਿਤ ਤੌਰ ’ਤੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਵੀ ਲਗਾਏ ਹਨ।

ਲਿਖਤੀ ਪੱਤਰ ’ਤੇ ਅੜੇ ਮੁਲਾਜ਼ਮ

ਮੰਤਰੀ ਵੱਲੋਂ ਸਹਿਮਤੀ ਬਣਨ ਦੇ ਦਾਅਵੇ ਦੇ ਬਾਵਜੂਦ ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਹੈ ਕਿ “ਜਦੋਂ ਤੱਕ ਉਨ੍ਹਾਂ ਨੂੰ ਮੰਗਾਂ ਮੰਨੇ ਜਾਣ ਸਬੰਧੀ ਲਿਖਤੀ ਪੱਤਰ ਨਹੀਂ ਮਿਲਦਾ, ਉਦੋਂ ਤੱਕ ਉਹ ਹੜਤਾਲ ਖ਼ਤਮ ਨਹੀਂ ਕਰਨਗੇ। ਅਜਿਹੇ ਵਿੱਚ ਹੜਤਾਲ ਖ਼ਤਮ ਹੋਣ ਅਤੇ ਬੱਸ ਸੇਵਾਵਾਂ ਦੀ ਪੂਰੀ ਬਹਾਲੀ ਬਾਰੇ ਸਥਿਤੀ ਲਿਖਤੀ ਹੁਕਮ ਜਾਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।”

ਸੱਭਿਆਚਾਰਕ ਮੇਲੇ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਕੀਤੀ ਸ਼ਲਾਘਾ

ਹਰਪਾਲ ਸਿੰਘ ਚੀਮਾ ਨੇ ਸਪੋਰਟਸ ਯੂਨੀਵਰਸਿਟੀ ਵਿੱਚ ਕਰਵਾਏ ਗਏ ਪਹਿਲੇ ਸੱਭਿਆਚਾਰਕ ਮੇਲੇ ਲਈ ਚਾਂਸਲਰ, ਯੂਨੀਵਰਸਿਟੀ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇੱਕ ਮੰਚ ’ਤੇ ਇਕੱਠੇ ਹੋ ਕੇ ਆਪਣੀ ਸੰਸਕ੍ਰਿਤੀ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਇਸ ਸਮਾਗਮ ਲਈ ਉਪਰਾਲੇ ਕਰਨ ਵਾਲੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ।

ਅਕਾਲੀ ਦਲ-BJP ’ਤੇ ਸਾਧਿਆ ਨਿਸ਼ਾਨਾ

ਅਕਾਲੀ ਦਲ ਅਤੇ BJP ਵਿਚਕਾਰ ਸੰਭਾਵਿਤ ਗਠਜੋੜ ਬਾਰੇ ਹਰਪਾਲ ਸਿੰਘ ਚੀਮਾ ਨੇ ਦੋਵਾਂ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਪਿਛਲੀਆਂ ਸਰਕਾਰਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੁੰਦੀਆਂ ਹਨ ਤਾਂ ਪੰਜਾਬ ਦੇ ਲੋਕ ਚੋਣਾਂ ਵਿੱਚ ਉਨ੍ਹਾਂ ਨੂੰ ਜਵਾਬ ਦੇਣਗੇ।

ਕੇਂਦਰ ਸਰਕਾਰ ’ਤੇ ਪੰਜਾਬ ਨਾਲ ਭੇਦਭਾਵ ਦਾ ਦੋਸ਼

ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ BJP ਸਰਕਾਰ ’ਤੇ ਪੰਜਾਬ ਨਾਲ ਭੇਦਭਾਵ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਫਿਲਹਾਲ PRTC ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਮੁੱਖ ਸਵਾਲ ਲਿਖਤੀ ਪੱਤਰ ਜਾਰੀ ਹੋਣ ਦਾ ਹੈ। ਮੁਲਾਜ਼ਮ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਹੀ ਹੜਤਾਲ ਖ਼ਤਮ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।

Share This Article
Leave a comment

Leave a Reply

Your email address will not be published. Required fields are marked *