ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਰਜੋਤ ਸਿੰਘ ਬੈਂਸ ਨੇ ਨਾਨੋਵਾਲ ਅਤੇ ਤਾਰਾਪੁਰ ਤੋਂ ਦੋ ਬੱਸਾਂ ਨੂੰ ਕੀਤਾ ਰਵਾਨਾ

Jiya Nagpal
3 Min Read
ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਾਨੋਵਾਲ ਅਤੇ ਤਾਰਾਪੁਰ ਤੋਂ ਅੰਮ੍ਰਿਤਸਰ ਸਾਹਿਬ  ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਦੋ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਦੋਵਾਂ ਪਿੰਡਾਂ ਦੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਿੰਡ ਨਾਨੋਵਾਲ ਤੋਂ 56 ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਗਈ, ਜਦਕਿ ਪਿੰਡ ਤਾਰਾਪੁਰ ਤੋਂ 43 ਸ਼ਰਧਾਲੂ ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਸ ਤਰ੍ਹਾਂ ਕੁੱਲ 99 ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦਾ ਲਾਭ ਮਿਲਿਆ।
     ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਦਾ ਮੁੱਖ ਮਕਸਦ ਸੂਬੇ ਦੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਆਸਥਾ ਨਾਲ ਜੁੜੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਆਰਥਿਕ ਜਾਂ ਹੋਰ ਨਿੱਜੀ ਕਾਰਨਾਂ ਕਰਕੇ ਲੋਕ ਆਪਣੀ ਇੱਛਾ ਦੇ ਬਾਵਜੂਦ ਧਾਰਮਿਕ ਯਾਤਰਾਵਾਂ ਨਹੀਂ ਕਰ ਪਾਉਂਦੇ। ਇਸ ਯੋਜਨਾ ਰਾਹੀਂ ਪੰਜਾਬ ਸਰਕਾਰ ਵੱਲੋਂ ਅਜਿਹੇ ਸ਼ਰਧਾਲੂਆਂ ਦੀ ਇੱਛਾ ਪੂਰੀ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।
     ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਵਿੱਚੋਂ ਸ਼ਰਧਾਲੂਆਂ ਨੂੰ ਇਸ ਯੋਜਨਾ ਤਹਿਤ ਤੀਰਥ ਯਾਤਰਾ ’ਤੇ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਕਾਰ ਦਾ ਯਤਨ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਇਨ੍ਹਾਂ ਸਹੂਲਤਾਂ ਦਾ ਬਰਾਬਰ ਲਾਭ ਮਿਲੇ ਅਤੇ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਯਾਤਰਾ ’ਤੇ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸੁਖਦ ਅਤੇ ਸੁਰੱਖਿਅਤ ਸਫ਼ਰ ਦੀ ਕਾਮਨਾ ਕੀਤੀ।
      ਇਸ ਮੌਕੇ ਸੂਬੇਦਾਰ ਰਾਜਪਾਲ ਪ੍ਰਧਾਨ ਚੰਗਰ ਜ਼ੋਨ, ਸਮਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ, ਪੰਮੀ ਸਰਪੰਚ ਪਿੰਡ ਤਾਰਾਪੁਰ, ਭੁਪਿੰਦਰ ਸਿੰਘ ਸਰਪੰਚ ਪਿੰਡ ਨਾਨੋਵਾਲ, ਰਸ਼ਵਿੰਦਰ ਸਿੰਘ, ਕੇਸਰ ਸਿੰਘ, ਮਨੀਸ਼ ਅਤੇ ਬੁੱਧ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਹਾਜ਼ਰ ਸਨ।
Share This Article
Leave a comment

Leave a Reply

Your email address will not be published. Required fields are marked *