6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ

Jiya Nagpal
4 Min Read

ਚੰਡੀਗੜ੍ਹ: 9 ਜੁਲਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ‘ਮੁੱਖ ਮੰਤਰੀ ਸਿਹਤ ਯੋਜਨਾ’, ਜਿਸ ਦੀ ਸ਼ੁਰੂਆਤ ਇਸ ਸਾਲ 8 ਜਨਵਰੀ ਨੂੰ ਕੀਤੀ ਗਈ ਸੀ, ਪਿਛਲੇ ਛੇ ਮਹੀਨਿਆਂ ਦੌਰਾਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਅਹਿਮ ਪਹਿਲਕਦਮੀ ਵਜੋਂ ਉਭਰੀ ਹੈ। ਇਸ ਸਮੇਂ ਦੌਰਾਨ 2,42,917 ਮਰੀਜ਼ਾਂ ਨੂੰ 4,79,602 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਗਏ , ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 852 ਕਰੋੜ ਰੁਪਏ ਰਹੀ। ਇਸ ਯੋਜਨਾ ਨੇ ਹਜ਼ਾਰਾਂ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਰਾਹਤ ਪ੍ਰਦਾਨ ਕੀਤੀ ਹੈ।

ਹੁਣ ਤੱਕ 47 ਲੱਖ ਤੋਂ ਵੱਧ ਸਿਹਤ ਕਾਰਡ ਰਜਿਸਟਰ ਕੀਤੇ ਜਾ ਚੁੱਕੇ ਹਨ। ਇਹ ਯੋਜਨਾ ਸੂਬੇ ਵਿੱਚ ਯੂਨੀਵਰਸਲ ਹੈਲਥ ਕਵਰੇਜ ਦੇ ਟੀਚੇ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਹਰੇਕ ਯੋਗ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਨੇ ਆਮ ਸਿਹਤ ਸੇਵਾਵਾਂ ਦੇ ਨਾਲ-ਨਾਲ ਮਹਿੰਗੇ ਅਤੇ ਵਿਸ਼ੇਸ਼ ਇਲਾਜ ਦੀਆਂ ਜ਼ਰੂਰਤਾਂ ਨੂੰ ਵੀ ਸਫਲਤਾਪੂਰਵਕ ਪੂਰਾ ਕੀਤਾ ਹੈ, ਜਿਸ ਨਾਲ ਹਰ ਨਾਗਰਿਕ ਨੂੰ ਬਿਨਾਂ ਕਿਸੇ ਆਰਥਿਕ ਮੁਸ਼ਕਲ ਦੇ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਸਿਹਤ ਮੰਤਰੀ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਖਰਚ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ। 47 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਅਤੇ 852 ਕਰੋੜ ਦੇ ਕੈਸ਼ਲੈੱਸ ਇਲਾਜ ਇਸ ਗੱਲ ਦਾ ਸਬੂਤ ਹਨ ਕਿ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਸੋਚ ’ਤੇ ਭਰੋਸਾ ਜਤਾਇਆ ਹੈ, ਜਿਸ ਤਹਿਤ ਹਰ ਘਰ ਤੱਕ  ਮਿਆਰੀ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ।”

ਯੋਜਨਾ ਦੇ ਲਾਭ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ, “ਕ੍ਰੋਨਿਕ ਹੀਮੋਡਾਇਲਿਸਿਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਾ ਇਲਾਜ ਰਿਹਾ ਹੈ। ਇਸ ਤਹਿਤ 1.58 ਲੱਖ ਤੋਂ ਵੱਧ ਡਾਇਲਿਸਿਸ ਸੈਸ਼ਨ ਕੀਤੇ ਗਏ ਹਨ, ਜਿਸ ਨਾਲ ਕਿਡਨੀ ਫੇਲ੍ਹ ਹੋਣ ਕਾਰਨ ਹਫ਼ਤੇ ਵਿੱਚ ਕਈ ਵਾਰ ਡਾਇਲਿਸਿਸ ਕਰਵਾਉਣ ਲਈ ਮਜਬੂਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ।”

ਉਨ੍ਹਾਂ ਦੱਸਿਆ ਕਿ ਲੈਪਰੋਸਕੋਪਿਕ ਗੌਲਬਲੈਡਰ (ਪਿੱਤੇ ਦੀ ਥੈਲੀ) ਸਰਜਰੀ ਦੇ ਲਗਭਗ 12,400 ਆਪ੍ਰੇਸ਼ਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ, ਸੀਜ਼ੇਰੀਅਨ ਡਿਲੀਵਰੀ, ਨਾਰਮਲ ਡਿਲੀਵਰੀ, ਹਿਸਟਰੇਕਟੋਮੀ, ਹਿਪ ਰਿਪਲੇਸਮੈਂਟ ਅਤੇ ਜਨਰਲ ਲੈਪਰੋਟੋਮੀ ਵਰਗੀਆਂ ਸੇਵਾਵਾਂ ਦਾ ਵੀ ਵੱਡੀ ਗਿਣਤੀ ਵਿੱਚ ਲਾਭ ਲਿਆ ਗਿਆ, ਜਿਨ੍ਹਾਂ ਵਿੱਚ ਹਰੇਕ ਦੇ ਲਗਭਗ 8,700 ਤੋਂ 8,900 ਮਾਮਲੇ ਦਰਜ ਕੀਤੇ ਗਏ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੱਥੇ ਡਾਇਲਿਸਿਸ ਰਾਹੀਂ ਸਭ ਤੋਂ ਵੱਧ ਮਰੀਜ਼ਾਂ ਨੂੰ ਲਾਭ ਮਿਲਿਆ, ਉੱਥੇ ਹੀ ਪੇਚੀਦਾ ਸਰਜਰੀਆਂ ’ਤੇ ਸਭ ਤੋਂ ਵੱਧ ਖਰਚ ਹੋਇਆ। ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ ’ਤੇ ਲਗਭਗ 70.86 ਕਰੋੜ ਰੁਪਏ ਖਰਚ ਕੀਤੇ ਗਏ, ਜਦਕਿ ਪੀਟੀਸੀਏ ਵਿਦ ਡਾਇਗਨੋਸਟਿਕ ਐਂਜੀਓਗ੍ਰਾਮ (ਦਿਲ ਵਿੱਚ ਸਟੈਂਟ ਪਾਉਣ ਦੀ ਪ੍ਰਕਿਰਿਆ) ’ਤੇ ਲਗਭਗ 70.02 ਕਰੋੜ ਖਰਚ ਹੋਏ। ਇਸ ਤੋਂ ਇਲਾਵਾ ਲੈਪਰੋਸਕੋਪਿਕ ਗੌਲਬਲੈਡਰ ਸਰਜਰੀ ’ਤੇ ਲਗਭਗ 36.28 ਕਰੋੜ ਖਰਚ ਕੀਤੇ ਗਏ। ਹਿਪ ਰਿਪਲੇਸਮੈਂਟ, ਸਪਾਈਨ ਸਰਜਰੀ, ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀਏਬੀਜੀ), ਕੈਟਰੇਕਟ ਆਪ੍ਰੇਸ਼ਨ, ਬਾਈਲੇਟਰਲ ਹਰਨੀਆ ਰਿਪੇਅਰ ਅਤੇ ਹਿਸਟਰੇਕਟੋਮੀ ਵੀ ਯੋਜਨਾ ਤਹਿਤ ਸਭ ਤੋਂ ਵੱਧ ਖਰਚ ਵਾਲੇ ਇਲਾਜਾਂ ਵਿੱਚ ਸ਼ਾਮਲ ਰਹੇ।

ਉਨ੍ਹਾਂ ਕਿਹਾ, “ਇਲਾਜ ਦੇ ਅੰਕੜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਿਆਪਕ ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਜਿੱਥੇ ਹਜ਼ਾਰਾਂ ਲਾਭਪਾਤਰੀਆਂ ਨੂੰ ਹਰ ਰੋਜ਼ ਡਾਇਲਿਸਿਸ, ਜਣੇਪੇ ਸਬੰਧੀ ਸਿਹਤ ਸੇਵਾਵਾਂ ਅਤੇ ਐਮਰਜੈਂਸੀ ਇਲਾਜ ਮਿਲ ਰਹੇ ਹਨ, ਉੱਥੇ ਦਿਲ, ਆਰਥੋਪੀਡਿਕ ਅਤੇ ਹੋਰ ਗੰਭੀਰ ਸਰਜਰੀਆਂ ਦੀ ਲੋੜ ਵਾਲੇ ਮਰੀਜ਼ਾਂ ਨੂੰ ਵੀ ਪੂਰੀ ਤਰ੍ਹਾਂ ਮੁਫ਼ਤ ਅਤੇ ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।”

Share This Article
Leave a comment

Leave a Reply

Your email address will not be published. Required fields are marked *