ਲਿੰਗ ਸੰਵੇਦਨਸ਼ੀਲਤਾ ਸਿਖਲਾਈ ਦਾ ਦੂਜਾ ਦਿਨ: ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਪਹਿਲਕਦਮੀ

Jiya Nagpal
4 Min Read
ਚੰਡੀਗੜ੍ਹ/ਜਲੰਧਰ, 19 ਅਗਸਤ: ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਨੇ ਜੇ-ਪਾਲ ਸਾਊਥ ਏਸ਼ੀਆ ਅਤੇ ਹਾਰਟੇਕ ਫਾਊਂਡੇਸ਼ਨ ਨਾਲ ਸਾਂਝੇ ਤੌਰ ’ਤੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐਮਆਰਐਸਪੀਪੀਏ), ਫਿਲੌਰ ਵਿਖੇ ਲਿੰਗ ਸੰਵੇਦਨਸ਼ੀਲਤਾ ਪ੍ਰੋਜੈਕਟ, ‘ ਮੇਨਸਟ੍ਰੀਮਿੰਗ ਆਫ ਵਿਮੈਨ ਇਨ ਪੰਜਾਬ ਪੁਲਿਸ ’’ ਤਹਿਤ ਤੀਜੇ ਗੇੜ ਦੇ ਸਿਖਲਾਈ ਪ੍ਰੋਗਰਾਮ ਦੇ ਦੂਜਾ ਦਿਨ ਸਫਲਤਾਪੂਰਵਕ ਮੁਕੰਮਲ ਕੀਤਾ। ਪ੍ਰੋਗਰਾਮ ਦਾ ਦੂਜਾ ਦਿਨ ਵਿਸ਼ੇਸ਼ ਤੌਰ ’ਤੇ ਗਰੁੱਪ ਟੀ2 – ਸਿਰਫ਼ ਪੁਰਸ਼ਾਂ ਦੇ ਸਮੂਹ – ’ਤੇ ਕੇਂਦ੍ਰਿਤ ਸੀ,  ਜਿਸ ਵਿੱਚ 413 ਨਾਮਜ਼ਦ ਪੁਲਿਸ ਅਧਿਕਾਰੀ ਸ਼ਾਮਲ ਸਨ, ਜੋ ਸਟੇਸ਼ਨ ਹਾਊਸ ਅਫਸਰ (ਐਸਐਚਓ), ਜਾਂਚ ਅਧਿਕਾਰੀ (ਆਈਓ), ਅਤੇ ਮੁਨਸ਼ੀ (ਐਮਐਚਸੀ) ਵਜੋਂ ਸੇਵਾ ਨਿਭਾ ਰਹੇ ਹਨ ਅਤੇ ਆਪਣੇ ਸਬੰਧਤ ਪੁਲਿਸ  ਥਾਣਿਆਂ ਦੀ ਨੁਮਾਇੰਦਗੀ ਕਰਦੇ ਹਨ। ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿੰਗ ਸੰਵੇਦਨਸ਼ੀਲਤਾ ਦੇ ਨਾਲ-ਨਾਲ, ਅਧਿਕਾਰੀਆਂ ਨੂੰ ਕਮਜ਼ੋਰ ਵਰਗ ਦੇ ਨਾਗਰਿਕਾਂ, ਬਜ਼ੁਰਗਾਂ  ਅਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਪ੍ਰਤੀ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਰੱਥ  ਵਿਅਕਤੀ ਤਾਂ ਆਸਾਨੀ ਨਾਲ ਮਦਦ ਤੱਕ ਪਹੁੰਚ ਕਰ ਸਕਦੇ ਹਨ, ਪਰ ਜਿਨ੍ਹਾਂ ਨੂੰ ਸਮਾਜ ਵਿੱਚ ਸਹਾਇਤਾ ਤੋਂ ਹੀਣੇ ਲੋਕਾਂ ਨੂੰ ਪੁਲਿਸ ਤੋਂ ਸੱਚੀ ਹਮਦਰਦੀ ਅਤੇ ਹਲੀਮੀ ਦੀ ਲੋੜ ਹੁੰਦੀ ਹੈ। ਲਿੰਗ-ਅਨੁਕੂਲ ਸੰਗਠਨਾਤਮਕ ਮਾਹੌਲ ਦੀ ਮਹੱਤਤਾ ਨੂੰ ਸਮਝਦਿਆਂ, ਜਿੱਥੇ ਮਹਿਲਾ ਕਰਮਚਾਰੀਆਂ ਨਾਲ ਸਮਾਨਤਾ ਅਤੇ ਸਨਮਾਨਜਨਕ ਵਿਵਹਾਰ ਕੀਤਾ ਜਾਂਦਾ ਹੈ, ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਨਾਲ ਨੇੜਿਓਂ ਤਾਲਮੇਲ ਵਿੱਚ ਕੰਮ ਕਰੇਗਾ। ਉਨ੍ਹਾਂ ਪੁਲਿਸ ਵਿਭਾਗ ਨੂੰ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਲੜਨ, ਭਿਖਾਰੀ ਨੂੰ ਹਟਾਉਣ ਅਤੇ ਸੰਗਠਿਤ ਮਨੁੱਖੀ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਪਣੇ ਵਿਭਾਗ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਵਿਸ਼ੇਸ਼ ਡੀ.ਜੀ.ਪੀ. ਸੀਏਡੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਮਰਦ ਪ੍ਰਧਾਨ ਸੰਗਠਨ ਵਿੱਚ ਔਰਤਾਂ ਦੀ ਗਿਣਤੀ ਘੱਟ ਹੋਣ ਕਾਰਨ, ਇਹ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਰੁਟੀਨ ਦੀਆਂ ਪ੍ਰਸ਼ਾਸਕੀ ਡੈਸਕ ਜੌਬਸ ਦੀ ਬਜਾਏ ਸਰਗਰਮ ਭੂਮਿਕਾਵਾਂ ਸੌਂਪ ਕੇ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੇ ਮਹਿਲਾ ਅਧਿਕਾਰੀਆਂ ਨੂੰ ਸਰਗਰਮ ਭੂਮਿਕਾਵਾਂ ਨਿਭਾਉਣ ਦਾ ਸੱਦਾ ਦਿੰਦਿਆਂ ਨਾਲ ਹੀ ਐੱਸਐੱਚਓਜ਼ ਅਤੇ ਪੁਰਸ਼ ਸਹਿਕਰਮੀਆਂ ਨੂੰ ਵੀ ਅਜਿਹਾ ਸਹਾਇਕ ਮਾਹੌਲ ਸਿਰਜਣ ਦੇ ਨਿਰਦੇਸ਼ ਦਿੱਤੇ ਜੋ ਔਰਤਾਂ ਨੂੰ ਪੁਲਿਸ ਸਟੇਸ਼ਨ ਟੀਮ ਦੀਆਂ ਪ੍ਰਭਾਵਸ਼ਾਲੀ ਮੈਂਬਰ ਬਣਨ ਲਈ ਉਤਸ਼ਾਹਿਤ ਕਰੇ। ਸਿਖਲਾਈ ਸੈਸ਼ਨਾਂ ਦੀ ਅਗਵਾਈ ਉੱਘੇ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਲੀਡ ਟ੍ਰੇਨਰਾਂ, ਮਹਾਰਾਸ਼ਟਰ ਦੀ ਸਾਬਕਾ ਡੀਜੀਪੀ ਮੀਰਾਂ ਸੀ ਬੋਰਵੰਕਰ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਆਰ ਸੀ ਸਿੰਘ ਸਮੇਤ ਹੋਰਨਾਂ ਸ਼ਖਸੀਅਤਾਂ ਵੱਲੋਂ ਕੀਤੀ ਗਈ। ਇਹ ਸੈਸ਼ਨ ਲਿੰਕ ਅਧਾਰਤ ਰੂੜ੍ਹੀਵਾਦੀ ਸੋਚ ਨੂੰ ਖ਼ਤਮ ਕਰਨ, ਸਮਾਵੇਸ਼ੀ ਪੁਲਿਸਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਹਕੀਕਤਾਂ ‘ਤੇ ਆਧਾਰਿਤ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਸਨ। ਇਸ ਦੌਰਾਨ ਟਰੇਨਿੰਗ ਆਫ਼ ਟ੍ਰੇਨਰਜ਼ ਮਾਡਲ ਤਹਿਤ 60 ਮਾਸਟਰ ਟ੍ਰੇਨਰਾਂ ਦੇ ਨਾਲ 384 ਪੁਲਿਸ ਸਟੇਸ਼ਨਾਂ (ਸਿਖਲਾਈ ਲਈ 288, ਇੱਕ ਕੰਟਰੋਲ ਸਮੂਹ ਵਜੋਂ 96) ਦੇ ਲਗਭਗ 2,000 ਪੁਲਿਸ ਕਰਮੀਆਂ ਨੂੰ ਕਵਰ ਕਰਦਿਆਂ ਵਿਆਪਕ ਇੰਟਰਵੈਂਸ਼ਨ ਗਤੀਵਿਧੀਆਂ ਕੀਤੀਆਂ ਗਈਆਂ। ਖੋਜ-ਅਧਾਰਿਤ ਪ੍ਰਭਾਵ ਮੁਲਾਂਕਣ ਵਜੋਂ ਤਿਆਰ ਕੀਤਾ ਗਿਆ ਜੇ-ਪਾਲ, ਰਵੱਈਏ ਅਤੇ ਧਾਰਨਾਵਾਂ ‘ਚ ਆਈਆਂ ਤਬਦੀਲੀਆਂ ਦੇ ਮੁਲਾਂਕਣ ਲਈ ਸਿਖਲਾਈ ਤੋਂ ਪਹਿਲਾਂ ਦੇ ਡੇਟਾ ਦੀ ਤੁਲਨਾ ਵਿੱਚ ਸਿਖਲਾਈ ਉਪਰੰਤ ਇੱਕ ਅੰਤਿਮ ਸਰਵੇਖਣ ਵੀ ਕਰੇਗਾ। ਆਖਰੀ ਰਾਊਂਡ ਦੇ ਤੀਜੇ ਅਤੇ ਸਮਾਪਤੀ ਦਿਨ ਭਾਵ 20 ਅਗਸਤ, 2026 ਗਰੁੱਪ ਟੀ-1, ਜੋ ਸਿਰਫ਼ ਔਰਤਾਂ ਦਾ ਗਰੁੱਪ ਹੈ, ‘ਤੇ ਕੇਂਦਰਿਤ ਹੋਵੇਗਾ, ਜਿਸ ਵਿੱਚ ਸੂਬੇ ਦੇ 384 ਪੁਲਿਸ ਥਾਣਿਆਂ ਦੇ ਵੂਮੈਨ ਹੈਲਪਡੈਸਕਾਂ ‘ਤੇ ਤਾਇਨਾਤ 398 ਪੰਜਾਬ ਪੁਲਿਸ ਮਹਿਲਾ ਮਿੱਤਰ ਸ਼ਾਮਲ ਹਨ।
Share This Article
Leave a comment

Leave a Reply

Your email address will not be published. Required fields are marked *