ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.ਵਲੋਂ ਐਮ.ਜੀ.ਐਨ. ਕਾਲਜ ਦਾ ਦੌਰਾ

Jiya Nagpal
3 Min Read

ਜਲੰਧਰ, 28 ਅਗਸਤ – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਅੱਜ ਸਥਾਨਕ ਐਮ.ਜੀ.ਐਨ.ਕਾਲਜ ਜਲੰਧਰ ਦਾ ਦੌਰਾ ਕੀਤਾ ਗਿਆ ਜਿਥੋਂ ਉਹਨਾਂ ਨੇ ਸਾਲ 1989-1990 ਵਿੱਚ ਬੀ.ਐਡ ਕੀਤੀ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਲੂ ਝਾਂਗੀ ਅਤੇ ਸਮੂਹ ਸਟਾਫ਼ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਐਮ.ਜੀ.ਐਨ. ਦੇ ਸਟਾਫ਼ ਨਾਲ ਰੂਬਰੂ ਹੁੰਦਿਆਂ ਉਹਨਾ ਨੇ ਦੱਸਿਆ ਕਿ ਅੱਜ ਕਾਲਜ ਵਿਖੇ ਆ ਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਇਨਾਮ ਵਿਜੇਤਾ ਸੂਚੀ ਵਿੱਚ ਆਪਣਾ ਨਾਮ ਦੇਖਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਾਲਜ ਸਟਾਫ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਮ.ਜੀ.ਐਨ.ਕਾਲਜ ਨੂੰ ਸੂਬੇ ਵਿੱਚ ਵਿੱਦਿਆ ਦੇ ਮੰਦਿਰ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਪੂਰੀ ਲਗਨ ਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ ਤਾਂ ਕਿ ਉਹ ਖੁਸ਼ਹਾਲ ਤੇ ਵਿਕਸਿਤ ਸੂਬੇ ਦੇ ਨਿਰਮਾਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।

ਕੈਬਨਿਟ ਮੰਤਰੀ ਹਰਭਜਨ ਸਿਘ ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ  ਅਣਥੱਕ ਯਤਨਾਂ ਸਦਕਾ ਅੱਜ ਸੁਬਾ ਸਿੱਖਿਆ ਦੇ ਖੇਤਰ ਵਿੱਚ ਕੇਰਲਾ ਨੂੰ ਪਛਾੜ ਕੇ ਦੇਸ਼ ਦਾ ਮੋਹਰੀ ਸੂਬਾ ਬਣਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਮੁਹਿੰਮ ਚਲਾ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 118 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣ ਲਈ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਵਿਦਿਆਰਥੀਆਂ ਵਲੋਂ ਲਾਭ ਲਿਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੜਕੀ ਸੰਪਰਕ ਮੁਹੱਈਆ ਕਰਵਾਉਣ ਲਈ ਵੀ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦੇ ਨਾਲ-ਨਾਲ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

ਇਸ ਮੌਕੇ ਐਮ.ਜੀ.ਐਨ.ਕਾਲਜ ਦੇ ਪ੍ਰਿੰਸੀਪਲ ਡਾ.ਨੀਲੂ ਝਾਂਗੀ ਵਲੋਂ ਕਾਲਜ ਵਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ।

Share This Article
Leave a comment

Leave a Reply

Your email address will not be published. Required fields are marked *