ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਿਰਕਤ, ਸ਼ਰਧਾ ਨਾਲ ਕੀਤਾ ਨਮਨ

Jiya Nagpal
2 Min Read
ਚੰਡੀਗੜ੍ਹ/ਲੁਧਿਆਣਾ, 26 ਅਕਤੂਬਰ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਧਾਰਮਿਕ ਸਮਾਗਮ ਤਹਿਤ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਰਜਿਸਟਰਡ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਕ, ਬਸਤੀ ਜੋਧੇਵਾਲ ਵਿਖੇ ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਭਗਵਾਨ ਵਾਲਮੀਕਿ ਜੀ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ਅਤੇ ਸਿੱਖਿਆਵਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਵਾਲਮੀਕਿ ਜੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਪੂਰੇ ਸਮਾਗਮ ਦੌਰਾਨ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਲ ਪੰਜਾਬ ਸਰਕਾਰ ਦੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਨੇ ਵੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੇ ਮਾਨਵ ਸਮਾਜ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵੱਲੋਂ ਰਚਿਆ ਗਿਆ ਰਾਮਾਇਣ ਦਾ ਮਹਾਨ ਗ੍ਰੰਥ ਭਾਰਤੀ ਸੱਭਿਆਚਾਰ, ਮਰਿਆਦਾ, ਨੈਤਿਕਤਾ ਅਤੇ ਆਦਰਸ਼ ਜੀਵਨ ਕਦਰਾਂ-ਕੀਮਤਾਂ ਦਾ ਅਨਮੋਲ ਖ਼ਜ਼ਾਨਾ ਹੈ। ਭਗਵਾਨ ਵਾਲਮੀਕਿ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਮਾਜ ਨੂੰ ਸਦਾਚਾਰ, ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ, ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਵਿਚਾਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਓਐੱਸਡੀ ਕਰੁਣ ਅਰੋੜਾ, ਵਿਕਾਸ ਅਗਰਵਾਲ, ਲਵਲੇਸ਼ ਅਰੋੜਾ, ਪੀਏ ਮਹੇਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵਰਮਾ ਸਮੇਤ ਹੋਰ ਪਾਰਟੀ ਵਰਕਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਸਾਰਿਆਂ ਨੇ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾਪੂਰਵਕ ਨਮਨ ਕੀਤਾ।
Share This Article
Leave a comment

Leave a Reply

Your email address will not be published. Required fields are marked *