ਆਮ ਆਦਮੀ ਪਾਰਟੀ (ਆਪ) 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਜਾਰੀ ਕਰੇਗੀ। ਇਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿੱਚ ਪਾਰਟੀ ਦੀ ਹਾਈਕਮਾਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤਾ ਹੈ।
ਮਾਨ ਨੇ ਕਿਹਾ, “ਅੱਜ ਉਮੀਦਵਾਰਾਂ ਅਤੇ ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਇੱਕ ਮੀਟਿੰਗ ਹੋਈ। ਕੱਲ੍ਹ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਇੱਕ ਹੋਰ ਮੀਟਿੰਗ ਹੋਵੇਗੀ,ਜਿਸ ਵਿੱਚ ਉਮੀਦਵਾਰਾਂ ਦੇ ਨਾਂ ਅੰਤਿਮ ਰੂਪ ਵਿੱਚ ਤੈਅ ਕਰਕੇ ਐਲਾਨੇ ਜਾਣਗੇ
ਪੰਜਾਬ ਵਿੱਚ ਸੱਤਾਧਾਰੀ ਪਾਰਟੀ ਆਪਣੇ ਵਿਰੋਧੀਆਂ ਤੋਂ ਪਹਿਲਾਂ ਚੋਣ ਮੋਡ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪਾਰਟੀ ਨੇ ਅੱਜ ਚੋਣਾਂ ਲਈ ਆਪਣੇ ਉਮੀਦਵਾਰਾਂ ਅਤੇ ਮੁੱਖ ਮੁੱਦਿਆਂ ਬਾਰੇ ਚਰਚਾ ਕੀਤੀ। ਦੋ ਦਿਨ ਪਹਿਲਾਂ ‘ਟ੍ਰਿਬਿਊਨ’ ਨੇ ਵਿਸ਼ੇਸ਼ ਤੌਰ ‘ਤੇ ਖ਼ਬਰ ਦਿੱਤੀ ਸੀ ਕਿ ਪੰਜਾਬ ਚੋਣ ਰਣਨੀਤੀ ‘ਤੇ ਚਰਚਾ ਲਈ ਮੀਟਿੰਗ ਆਉਣ ਵਾਲੇ ਵੀਕੈਂਡ ਦੌਰਾਨ ਹੋਵੇਗੀ।
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਏ ਸਨ,ਜਿੱਥੇ ਉਨ੍ਹਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਬਾਰੇ ਚਰਚਾ ਕੀਤੀ। ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਹੋਏ।
ਪਾਰਟੀ ਦੇ ਸੂਤਰਾਂ ਨੇ ‘ਟ੍ਰਿਬਿਊਨ’ ਨੂੰ ਦੱਸਿਆ ਹੈ ਕਿ ‘ਆਪ’ ਹਾਈਕਮਾਂਡ ਨੇ ਲਗਪਗ 15 ਨਾਮਾਂ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ। ਕੱਲ੍ਹ ਹੋਣ ਵਾਲਾ ਐਲਾਨ ‘ਆਪ’ ਨੂੰ ਚੋਣਾਂ ਵਾਲੇ ਸੂਬੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਪਹਿਲੀ ਸਿਆਸੀ ਪਾਰਟੀ ਬਣਾ ਦੇਵੇਗਾ। ਸੂਬੇ ‘ਚ ਚੋਣਾਂ ਤੈਅ ਸ਼ਡਿਊਲ ਮੁਤਾਬਕ ਫਰਵਰੀ ਮਹੀਨੇ ‘ਚ ਹੋਣੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਅੱਜ ਸ਼ੁਰੂਆਤੀ ਵਿਚਾਰ-ਵਟਾਂਦਰਾ ਉਨ੍ਹਾਂ ਉਮੀਦਵਾਰਾਂ ‘ਤੇ ਕੇਂਦਰਿਤ ਸੀ ਜੋ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ,ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਲਗਾਤਾਰ ਤੀਜੀ ਵਾਰ ਵੀ ਵਿਚਾਰੇ ਜਾਣ ਦੀ ਉਮੀਦ ਹੈ।
ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਵੋਟਰ ਸੂਚੀਆਂ ਦੇ ਐੱਸ ਆਈ ਆਰ(SIR) ਸਮਾਪਤ ਹੋਣ ਦੇ ਨਾਲ, ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਰਾਦਾ ਆਪਣੇ ਉਮੀਦਵਾਰਾਂ ਦਾ ਐਲਾਨ ਕਾਫ਼ੀ ਪਹਿਲਾਂ ਕਰਨ ਦਾ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਵੋਟਰਾਂ ਤੱਕ ਪਹੁੰਚ ਕਰਨ ਅਤੇ ਸਮਰਥਨ ਜੁਟਾਉਣ ਦਾ ਸਮਾਂ ਮਿਲ ਸਕੇ। ‘ਆਪ’ ਕੋਲ ਫਿਲਹਾਲ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ 94 ਵਿਧਾਇਕ ਹਨ।
