ਪੱਟੀ: ਖੇਤੀਬਾੜੀ ਕਰਦਿਆਂ ਹਰੇਕ ਕਿਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਫ਼ਸਲ ਦੀ ਉਤਪਾਦਨ ਲਾਗਤ ਘੱਟ ਹੋਵੇ ਅਤੇ ਆਮਦਨ ਵਿੱਚ ਵਾਧਾ ਹੋਵੇ। ਇਹ ਟੀਚਾ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾ ਕੇ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਡਾ. ਭੁਪਿੰਦਰ ਸਿੰਘ ਨੇ ਪਿੰਡ ਕਿਰਤੋਵਾਲ ਖੁਰਦ ਵਿਖੇ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ 100 ਏਕੜ ਤੋਂ ਵੱਧ ਰਕਬੇ ਵਿੱਚ ਕਣਕ ਦੀ ਬਿਜਾਈ ਦੇ ਸ਼ੁਭ ਆਰੰਭ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨ ਪਿਛਲੇ ਸੱਤ ਸਾਲਾਂ ਤੋਂ ਉੱਦਮ ਅਤੇ ਉਤਸ਼ਾਹ ਨਾਲ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਹਨ, ਜੋ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਢੁੱਕਵਾਂ ਸਮਾਂ ਹੈ। ਚੰਗੇ ਝਾੜ ਲਈ ਸਹੀ ਸਮੇਂ ‘ਤੇ ਬਿਜਾਈ ਕਰਨ ਦੇ ਨਾਲ-ਨਾਲ ਸਾਫ਼-ਸੁਥਰੇ ਅਤੇ ਤਸਦੀਕਸ਼ੁਦਾ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਸ਼ ਅਨੁਸਾਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਦਵਾਈ ਨਾਲ ਸੋਧਣਾ ਵੀ ਲਾਹੇਵੰਦ ਰਹਿੰਦਾ ਹੈ।
ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਨੇ 25 ਏਕੜ, ਪ੍ਰੋਫੈਸਰ ਗੁਰਲਾਲ ਸਿੰਘ ਨੇ 40 ਏਕੜ, ਗੁਰਜਿੰਦਰ ਸਿੰਘ ਨੇ 30 ਏਕੜ ਅਤੇ ਜਸਵਿੰਦਰ ਸਿੰਘ ਤਹਿਸੀਲਦਾਰ ਨੇ 30 ਏਕੜ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸ਼ੁਰੂ ਕੀਤੀ, ਜਦਕਿ ਕਿਸਾਨ ਗੁਰਭੇਜ ਸਿੰਘ ਵੱਲੋਂ 5 ਏਕੜ ਰਕਬੇ ਵਿੱਚ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਗਈ।
ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਰਾਲੀ ਪ੍ਰਬੰਧਨ ਕੋਈ ਮੁਸ਼ਕਲ ਕੰਮ ਨਹੀਂ, ਸਗੋਂ ਇਸ ਦੇ ਸੁਚੱਜੇ ਪ੍ਰਬੰਧਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ ਅਤੇ ਫ਼ਸਲ ਦਾ ਝਾੜ ਵੀ ਵਧੀਆ ਮਿਲ ਰਿਹਾ ਹੈ।
ਹੈਪੀ ਸੀਡਰ ਤਕਨੀਕ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕਣਕ ਦੀ ਬਿਜਾਈ ਲਈ ਸੌਖੀ ਅਤੇ ਕਿਫ਼ਾਇਤੀ ਤਕਨੀਕ ਹੈ। ਇਸ ਨਾਲ ਝੋਨੇ ਅਤੇ ਬਾਸਮਤੀ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਮੌਜੂਦ ਵੱਤਰ ਦੀ ਵਰਤੋਂ ਕਰਕੇ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਬਿਜਾਈ ਤੋਂ ਪਹਿਲਾਂ ਕੀਤੀ ਜਾਣ ਵਾਲੀ ਰੌਣੀ ਲਈ ਵਰਤੇ ਜਾਂਦੇ ਪਾਣੀ ਦੀ ਵੱਡੀ ਬੱਚਤ ਹੁੰਦੀ ਹੈ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਪਰਾਲੀ ਸਾੜਨ ਨਾਲ ਮਿੱਟੀ ਦੀ ਉਪਰਲੀ ਪਰਤ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਮਿੱਟੀ ਦੀ ਨਮੀ ਅਤੇ ਇਸ ਵਿੱਚ ਮੌਜੂਦ ਲਾਹੇਵੰਦ ਸੂਖਮ ਜੀਵਾਂ ਦੀ ਗਿਣਤੀ ਘਟਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਇਸ ਮੌਕੇ ਫਤਿਹ ਸਿੰਘ ਫੀਲਡ ਵਰਕਰ ਅਤੇ ਇਲਾਕੇ ਦੇ ਹੋਰ ਕਿਸਾਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਉਪਰਾਲੇ ਵਿੱਚ ਸਹਿਯੋਗ ਦਿੱਤਾ ਅਤੇ ਖੇਤੀਬਾੜੀ ਸਬੰਧੀ ਜਾਣਕਾਰੀ ਸਾਂਝੀ ਕੀਤੀ।
