IND vs NZ: ਵਨਡੇ ਸੀਰੀਜ਼ ‘ਚ ਵੀ ਭਾਰਤ ਦੀ ਜਿੱਤ ਨਾਲ ਸ਼ੁਰੂਆਤ, ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

Jiya Nagpal
4 Min Read
India's Virat Kohli celebrates after scoring 50 runs during the one day cricket international between New Zealand and India in Auckland, New Zealand, Wednesday, Nov. 4, 2026. (Andrew Cornaga/Photosport via AP)

IND vs NZ Ist ODI: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਵੀ ਜਿੱਤ ਨਾਲ ਅਗਾਜ਼ ਕੀਤਾ। ਆਕਲੈਂਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮਹਿਮਾਨ ਟੀਮ ਨੇ ਮੇਜ਼ਬਾਨ ਟੀਮ ਨੂੰ 5 ਵਿਕਟਾਂ ਨਾਲ ਮਾਤ ਦੇ ਦਿੱਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 40.2 ਓਵਰਾਂ ਵਿੱਚ 185 ਦੌੜਾਂ ‘ਤੇ ਹੀ ਸਿਮਟ ਗਈ। ਭਾਰਤੀ ਟੀਮ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ 32 ਓਵਰਾਂ ਵਿੱਚ 143 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਉਨ੍ਹਾਂ ਨੇ 5 ਵਿਕਟਾਂ ਗੁਆ ਕੇ 22.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ।

ਕਪਤਾਨ ਸ਼ੁਭਮਨ ਤੇ ਕੋਹਲੀ ਨੇ ਖੇਡੀ ਸ਼ਾਨਦਾਰ ਪਾਰੀ

ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਕਿਉਂਕਿ ਰੋਹਿਤ ਸ਼ਰਮਾ ਬਿਨਾਂ ਕੋਈ ਦੌੜ ਬਣਾਏ 6 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪਵੇਲੀਅਨ ਪਰਤ ਗਏ। ਉਸ ਤੋਂ ਬਾਅਦ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡ ਕੇ ਜਿੱਤ ਦੀ ਨੀਂਹ ਰੱਖ ਦਿੱਤੀ। ਗਿੱਲ ਨੇ 56 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 37 ਦੌੜਾਂ ਅਤੇ ਕੋਹਲੀ ਨੇ 51 ਗੇਂਦਾਂ ਵਿੱਚ 13 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਹੋਈ।

ਗਿੱਲ-ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਬੱਲੇਬਾਜ਼ੀ ਥੋੜ੍ਹੀ ਦੇਰ ਲਈ ਲੜਖੜਾ ਗਈ ਅਤੇ 114 ‘ਤੇ 2 ਵਿਕਟਾਂ ਡਿੱਗਣ ਤੋਂ ਬਾਅਦ 136 ‘ਤੇ 5 ਵਿਕਟਾਂ ਹੋ ਗਈਆਂ। ਜਿਸ ਵਿੱਚ ਕੋਹਲੀ (74), ਸ਼੍ਰੇਅਸ ਅਈਅਰ (15) ਅਤੇ ਅਕਸ਼ਰ ਪਟੇਲ (0) ਦੇ ਵਿਕਟ ਸ਼ਾਮਲ ਹਨ। ਪਰ ਆਖ਼ਰ ਵਿੱਚ ਰਾਹੁਲ 3 ਅਤੇ ਨਮਨ ਧੀਰ 5 ਦੌੜਾਂ ਬਣਾ ਕੇ ਟੀਮ ਨੂੰ ਪਹਿਲੇ ਵਨਡੇ ਵਿੱਚ ਜਿੱਤ ਦਿਵਾ ਦਿੱਤੀ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਸਭ ਤੋਂ ਸਫਲ ਗੇਂਦਬਾਜ਼ ਰਹੇ, ਉਨ੍ਹਾਂ ਨੇ 7 ਓਵਰਾਂ ਵਿੱਚ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਜੈਮੀਸਨ ਅਤੇ ਸਮਿਥ ਨੂੰ ਇੱਕ-ਇੱਕ ਵਿਕਟ ਮਿਲੇ। ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਪਲੇਅਰ ਆਫ਼ ਦ ਮੈਚ ਦਾ ਅਵਾਰਡ ਦਿੱਤਾ ਗਿਆ। ਉਨ੍ਹਾਂ ਨੇ 10 ਓਵਰਾਂ ਵਿੱਚ ਸਿਰਫ਼ 22 ਦੌੜਾਂ ਖ਼ਰਚ ਕਰਕੇ 2 ਵਿਕਟਾਂ ਹਾਸਲ ਕੀਤੀਆਂ।

ਕੋਹਲੀ ਨੇ ਬਣਾਏ ਦੋ ਵਰਲਡ ਰਿਕਾਰਡ

ਆਪਣੀ 74 ਦੌੜਾਂ ਦੀ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਦੋ ਵੱਡੇ ਰਿਕਾਰਡ ਵੀ ਆਪਣੇ ਨਾਮ ਕਰ ਲਏ। ਕੋਹਲੀ 12 ਦੌੜਾਂ ਬਣਾਉਂਦਿਆਂ ਹੀ ਵਨਡੇ ਵਿੱਚ ਨੰਬਰ 3 ‘ਤੇ 13 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਇਸ ਤੋਂ ਇਲਾਵਾ ਜਦੋਂ ਕੋਹਲੀ 54 ਦੇ ਸਕੋਰ ਤੱਕ ਪਹੁੰਚੇ ਤਾਂ ਉਹ ਵਨਡੇ ਵਿੱਚ ਚੇਜ਼ ਕਰਦਿਆਂ ਸਭ ਤੋਂ ਵੱਧ ਦੌੜਾਂ (8721) ਬਣਾਉਣ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਜੋ ਪਹਿਲਾਂ ਤੇਂਦੁਲਕਰ ਦੇ ਨਾਮ ਸੀ। ਤੇਂਦੁਲਕਰ ਨੇ ਵਨਡੇ ਵਿੱਚ ਟੀਚੇ ਦਾ ਪਿੱਛਾ ਕਰਦਿਆਂ 8720 ਦੌੜਾਂ ਬਣਾਈਆਂ ਹਨ।

ਨਿਊਜ਼ੀਲੈਂਡ ਦੀ ਪਾਰੀ 185 ਦੌੜਾਂ ‘ਤੇ ਢੇਰ

ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਅਤੇ ਨਿਊਜ਼ੀਲੈਂਡ ਨੂੰ 40.2 ਓਵਰਾਂ ਵਿੱਚ 185 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਕੀਵੀ ਬੱਲੇਬਾਜ਼ ਸ਼ੁਰੂ ਤੋਂ ਹੀ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਤੇਜ਼ੀ ਅਤੇ ਉਛਾਲ ਦੇ ਸਾਹਮਣੇ ਸੰਘਰਸ਼ ਕਰਦੇ ਹੋਏ ਨਜ਼ਰ ਆਏ। ਭਾਰਤ ਦਾ ਚਾਰ ਤੇਜ਼ ਗੇਂਦਬਾਜ਼ਾਂ ਨੂੰ ਪਲੇਇੰਗ-11 ਵਿੱਚ ਰੱਖਣ ਦਾ ਫ਼ੈਸਲਾ ਸਹੀ ਸਾਬਤ ਹੋਇਆ। ਭਾਰਤ ਵੱਲੋਂ ਅਰਸ਼ਦੀਪ ਮਹਿੰਗੇ ਸਾਬਤ ਹੋਏ, ਪਰ ਉਹ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 70 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਗੁਰਨੂਰ ਬਰਾੜ (44 ਦੌੜਾਂ ਦੇ ਕੇ ਤਿੰਨ) ਅਤੇ ਅੰਸ਼ੁਲ ਕੰਬੋਜ (10 ਓਵਰਾਂ ਵਿੱਚ 22 ਦੌੜਾਂ ਦੇ ਕੇ ਦੋ) ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ। ਨਿਊਜ਼ੀਲੈਂਡ ਵੱਲੋਂ ਟਿਮ ਸੀਫਰਟ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜਦਕਿ 11ਵੇਂ ਨੰਬਰ ਦੇ ਬੱਲੇਬਾਜ਼ ਬਲੇਅਰ ਟਿਕਨਰ ਨੇ 34 ਅਤੇ ਗਲੇਨ ਫਿਲਿਪਸ ਨੇ 30 ਦੌੜਾਂ ਦਾ ਯੋਗਦਾਨ ਦਿੱਤਾ।ਪੰਜ ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਹੁਣ 1-0 ਨਾਲ ਅੱਗੇ ਹੈ।

Share This Article
Leave a comment

Leave a Reply

Your email address will not be published. Required fields are marked *