ਚੰਡੀਗੜ੍ਹ, 4 ਨਵੰਬਰ – ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ 5 ਨਵੰਬਰ ਨੂੰ ਅੰਬਾਲਾ ਆਗਮਨ ਸੂਬੇ ਲਈ ਮਾਣ ਅਤੇ ਉਤਸ਼ਾਹ ਦਾ ਇੱਕ ਵੱਡਾ ਮੌਕਾ ਹੈ। ਹਰਿਆਣਾ ਦੀ ਵੀਰ ਭੂਮੀ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਇਸ ਇਤਿਹਾਸਕ ਸਮਾਗਮ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਹਰਿਆਣਾ ਨੇ ਵਿਕਾਸ ਦੇ ਨਾਲ-ਨਾਲ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਸ਼ਾਨਦਾਰ ਇਤਿਹਾਸ ਅਤੇ ਵੀਰ ਪਰੰਪਰਾਵਾਂ ਨੂੰ ਨਵੀਂ ਪਛਾਣ ਦੇਣ ਦਾ ਕੰਮ ਕੀਤਾ ਹੈ। ਅੰਬਾਲਾ ਵਿੱਚ 1857 ਦੇ ਪਹਿਲੇ ਆਜ਼ਾਦੀ ਸੰਗਰਾਮ ਦੇ ਵੀਰ ਬਲਿਦਾਨੀਆਂ ਨੂੰ ਸਮਰਪਿਤ ਸ਼ਾਨਦਾਰ ਸ਼ਹੀਦੀ ਸਮਾਰਕ ਦਾ ਉਦਘਾਟਨ ਇਸੇ ਸੋਚ ਦਾ ਪ੍ਰਤੀਕ ਹੈ। ਇਹ ਸਮਾਰਕ ਸੂਬਾ ਵਾਸੀਆਂ ਲਈ ਮਾਣ ਦਾ ਕੇਂਦਰ ਬਣੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਵੀਰਾਂ ਦੀਆਂ ਸ਼ੌਰਿਆ ਗਾਥਾਵਾਂ ਨਾਲ ਜੋੜਨ ਦਾ ਕੰਮ ਕਰੇਗਾ।
ਸ੍ਰੀ ਗੰਗਵਾ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਨੇ ਹਮੇਸ਼ਾ ਦੇਸ਼ ਦੀ ਰੱਖਿਆ ਅਤੇ ਸਨਮਾਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਵੀਰ ਸਪੂਤਾਂ ਨੂੰ ਜਨਮ ਦਿੱਤਾ ਹੈ। 1857 ਦੇ ਪਹਿਲੇ ਆਜ਼ਾਦੀ ਸੰਗਰਾਮ ਵਿੱਚ ਵੀ ਇਸ ਧਰਤੀ ਦੇ ਵੀਰਾਂ ਨੇ ਅਦੁੱਤੀ ਸਾਹਸ ਅਤੇ ਬਲਿਦਾਨ ਦੀ ਮਿਸਾਲ ਪੇਸ਼ ਕੀਤੀ ਸੀ। ਅੰਬਾਲਾ ਵਿੱਚ ਬਣ ਕੇ ਤਿਆਰ ਹੋਇਆ ਇਹ ਸਮਾਰਕ ਉਨ੍ਹਾਂ ਜਾਣੇ-ਅਣਜਾਣੇ ਬਲਿਦਾਨੀਆਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਸਦਕਾ ਦੇਸ਼ ਦੀ ਆਜ਼ਾਦੀ ਦੀ ਨੀਂਹ ਮਜ਼ਬੂਤ ਹੋਈ। ਇੱਥੇ 700 ਤੋਂ ਵੱਧ ਵੀਰ ਬਲਿਦਾਨੀਆਂ ਦੇ ਨਾਮ ਸੁਨਹਿਰੀ ਅੱਖਰਾਂ ਵਿੱਚ ਉੱਕਰੇ ਗਏ ਹਨ। ਆਧੁਨਿਕ ਤਕਨੀਕ ਅਤੇ ਆਕਰਸ਼ਕ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਸੰਗਰਾਮ ਦੀ ਸ਼ਾਨਦਾਰ ਗਾਥਾ ਨੂੰ ਇਸ ਤਰ੍ਹਾਂ ਸਾਂਭਿਆ ਗਿਆ ਹੈ ਕਿ ਹਰ ਆਗੰਤੁਕ ਉਸ ਦੌਰ ਦੇ ਸੰਘਰਸ਼ ਅਤੇ ਬਲਿਦਾਨ ਨੂੰ ਮਹਿਸੂਸ ਕਰ ਸਕੇ।
ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਇਹ ਦੌਰਾ ਹਰਿਆਣਾ ਲਈ ਇੱਕ ਯਾਦਗਾਰੀ ਮੌਕਾ ਹੋਵੇਗਾ। ਸ਼ਹੀਦੀ ਸਮਾਰਕ ਦਾ ਉਦਘਾਟਨ ਸੂਬੇ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਧਿਆਇ ਜੋੜੇਗਾ। ਇਹ ਸਿਰਫ਼ ਇੱਟਾਂ-ਪੱਥਰਾਂ ਨਾਲ ਬਣਿਆ ਸਮਾਰਕ ਨਹੀਂ, ਸਗੋਂ ਦੇਸ਼ ਭਗਤੀ, ਤਿਆਗ, ਸਾਹਸ ਅਤੇ ਰਾਸ਼ਟਰੀ ਸਵੈਮਾਣ ਦੀ ਜਿਊਂਦੀ-ਜਾਗਦੀ ਪ੍ਰੇਰਣਾ ਹੈ। ਸ੍ਰੀ ਅਮਿਤ ਸ਼ਾਹ ਅੰਬਾਲਾ ਦੇ ਗਾਂਧੀ ਗਰਾਊਂਡ ਵਿੱਚ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਸ੍ਰੀ ਗੰਗਵਾ ਨੇ ਸੂਬਾ ਵਾਸੀਆਂ ਨੂੰ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣਨ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਨਿੱਘਾ ਸਵਾਗਤ ਕਰਨ ਦਾ ਸੱਦਾ ਦਿੱਤਾ।
