ਪਿੰਡ ਛਾਪਾ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਐਨਕਾਂ ਦੀ ਵੰਡ ਸਬੰਧੀ ਲਗਾਇਆ ਗਿਆ ਕੈਂਪ

Jiya Nagpal
2 Min Read

ਮਹਿਲ ਕਲਾਂ/ਬਰਨਾਲਾ, 14 ਅਗਸਤ- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ‘ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈੱਸ’ ਤਹਿਤ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੀ ਅਗਵਾਈ ਵਿੱਚ ਬਲਾਕ ਮਹਿਲ ਕਲਾਂ ਦੇ ਪਿੰਡ ਛਾਪਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖ਼ਾਸ ਤੌਰ ‘ਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦਾਂ ਨੂੰ ਨੇੜੇ ਦੀ ਨਜ਼ਰ ਦੀਆਂ ਐਨਕਾਂ ਅਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ।

ਸੀਨੀਅਰ ਮੈਡੀਕਲ ਅਫ਼ਸਰ (SMO) ਮਹਿਲ ਕਲਾਂ ਡਾ. ਸੰਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਦੀਪਤੀ ਅਤੇ ਅਪਥਾਲਮਿਕ ਅਫ਼ਸਰ ਗੁਰਮੀਤ ਸਿੰਘ ਦੀ ਟੀਮ ਵੱਲੋਂ ਨੇੜੇ ਦੀ ਘੱਟ ਨਜ਼ਰ ਵਾਲੇ ਲਗਭਗ 90 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 58 ਮਰੀਜ਼ਾਂ ਨੂੰ ਮੌਕੇ ‘ਤੇ ਹੀ ਮੁਫ਼ਤ ਨਜ਼ਰ ਦੀਆਂ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ, ਜਦਕਿ 11 ਮਰੀਜ਼ ਚਿੱਟੇ ਮੋਤੀਏ ਦੇ ਰਜਿਸਟਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੇ ਆਉਣ ਵਾਲੇ ਦਿਨਾਂ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਬਿਲਕੁਲ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ।

ਕੈਂਪ ਨੂੰ ਸਫ਼ਲ ਬਣਾਉਣ ਵਿੱਚ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਿਹਤ ਇੰਸਪੈਕਟਰ (SI) ਸੁਖਵਿੰਦਰ ਸਿੰਘ, ਐੱਮ.ਪੀ.ਐੱਚ.ਡਬਲਯੂ. (ਮੇਲ) ਨਵਜੀਵਨ ਸਿੰਘ, ਐੱਮ.ਪੀ.ਐੱਚ.ਡਬਲਯੂ. (ਫ਼ੀਮੇਲ) ਗੁਰਮੀਤ ਕੌਰ ਅਤੇ ਆਸ਼ਾ ਵਰਕਰਾਂ ਵੀ ਹਾਜ਼ਰ ਸਨ।

Share This Article
Leave a comment

Leave a Reply

Your email address will not be published. Required fields are marked *